ਰੇਲ ਹਾਦਸੇ ਦੇ 24 ਪੀੜਤ ਪਰਿਵਾਰਾਂ ਨੂੰ 22 ਅਕਤੂਬਰ ਨੂੰ ਮਿਲ ਸਕਦੀ ਹੈ ਨੌਕਰੀ!

10/10/2019 10:28:38 AM

ਅੰਮ੍ਰਿਤਸਰ (ਜ. ਬ.) : ਸਾਲ 2018 'ਚ ਰਾਵਣ ਦਹਿਨ ਨਾਲ ਸੜੀਆਂ 60 ਲਾਸ਼ਾਂ ਦੀਆਂ ਰੂਹਾਂ ਨੇ 2019 ਦਾ ਰਾਵਣ ਜਲਦਾ ਦੇਖ ਲਿਆ ਪਰ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਜ਼ਿੰਮੇਵਾਰ ਲੋਕਾਂ ਖਿਲਾਫ ਹੁਣ ਤੱਕ ਜਾਂਚ ਰਿਪੋਰਟ ਖੁਲਾਸਾ ਨਹੀਂ ਕਰ ਸਕੀ ਕਿ ਕਸੂਰਵਾਰ ਕੌਣ ਸੀ। ਖੈਰ, 2018 ਦੇ ਰਾਵਣ ਦਹਿਨ ਦੇ ਨਾਲ ਆਪਣਿਆਂ ਨੂੰ ਗੁਆਉਣ ਵਾਲੇ ਰੇਲ ਹਾਦਸਾ ਪੀੜਤ ਪਰਿਵਾਰਾਂ ਨੂੰ 22 ਅਕਤੂਬਰ ਤੱਕ ਲਈ ਧਰਨਾ-ਪ੍ਰਦਰਸ਼ਨ ਨਾ ਕਰਨ 'ਤੇ ਰਾਜ਼ੀ ਕਰ ਲਿਆ ਗਿਆ ਹੈ। ਇਸ ਦਿਨ ਪੰਜਾਬ ਸਰਕਾਰ ਦੇ ਹੁਕਮਾਂ 'ਤੇ 24 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਲਈ ਚਿੱਠੀ ਦਿੱਤੀ ਜਾਣੀ ਹੈ। ਅਜਿਹੇ 'ਚ ਰੇਲ ਹਾਦਸਾ ਪੀੜਤ ਪਰਿਵਾਰਾਂ 'ਚ ਫਿਰ ਤੋਂ ਆਸ ਉੱਠੀ ਹੈ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰੇਗੀ। ਉੱਧਰ, ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸਤ ਦਾ ਰੰਗ ਦੇ ਕੇ ਕਾਂਗਰਸ ਦੀ ਪੰਜਾਬ ਹਾਈਕਮਾਂਡ ਦੇ ਸਾਹਮਣੇ ਚੁਣੌਤੀ ਪੇਸ਼ ਕਰ ਦਿੱਤੀ ਹੈ। ਅਜਿਹੇ 'ਚ ਚੰਡੀਗੜ੍ਹ ਤੋਂ 24 ਘੰਟੇ ਪਹਿਲਾਂ ਹੀ ਹੁਕਮ ਜਾਰੀ ਹੋਏ ਹਨ ਕਿ ਰੇਲ ਹਾਦਸਾ ਪੀੜਤ ਪਰਿਵਾਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਪ੍ਰਬੰਧ ਤੁਰੰਤ ਕੀਤੇ ਜਾਣ।

ਟਰੇਨਾਂ ਲੰਘਦੀਆਂ ਰਹੀਆਂ, ਮੈਂ ਰੋਂਦੀ ਰਹੀ : ਅਮਨ
ਅਮਨ ਨੇ ਆਪਣਾ ਸੁਹਾਗ ਗੁਆਇਆ ਹੈ। ਪਤੀ ਦੀ ਤਸਵੀਰ ਨਿਹਾਰਦੇ ਬੱਚੇ ਪੁੱਛਦੇ ਹਨ ਕਿ ਪਾਪਾ ਕਦੋਂ ਆਉਣਗੇ। ਕਹਿੰਦੇ ਸਨ ਕਿ ਜਲੇਬੀ ਲੈਣ ਗਏ ਹਨ, ਸਾਨੂੰ ਜਲੇਬੀ ਨਹੀਂ ਚਾਹੀਦੀ, ਪਾਪਾ ਚਾਹੀਦਾ ਹੈ। ਇਹ ਉਹੀ ਬੋਲ ਹਨ ਜੋ ਬੀਤੇ 1 ਸਾਲ ਤੋਂ ਅਕਸਰ ਮਾਸੂਮ ਪੁੱਤਰ ਜਦੋਂ ਮਾਂ ਤੋਂ ਪੁੱਛਦਾ ਹੈ ਤਾਂ ਮਾਂ ਦੀਆਂ ਅੱਖਾਂ ਵਹਿਣ ਲੱਗਦੀਆਂ ਹਨ। ਕਹਿੰਦੀ ਹੈ ਕਿ ਪਤੀ ਹੀ ਆਸਰਾ ਸੀ, 2 ਬੱਚੇ ਹਨ, ਕਿਥੋਂ ਖਰਚਾ ਚਲਾਵਾਂ, ਜੋ 5 ਲੱਖ ਮਿਲੇ ਸਨ ਉਹ ਘਰ 'ਚ ਹੀ ਵੰਡੇ ਗਏ। ਅਜਿਹੇ 'ਚ ਹੁਣ ਜ਼ਿੰਦਗੀ ਕਿਵੇਂ ਕੱਟੇਗੀ। 22 ਤਰੀਕ ਤੱਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਹੈ। 13 ਦਿਨ ਬਚੇ ਹਨ। ਦੇਖਦੇ ਹਾਂ ਕਿ ਕਿੰਨਾ ਸੱਚ ਅਤੇ ਕਿੰਨਾ ਝੂਠ ਫਿਰ ਤੋਂ ਬੋਲਿਆ ਗਿਆ ਹੈ। ਦੁਸਹਿਰੇ ਦੀ ਰਾਤ ਜ਼ਿੰਦਗੀ ਭਰ ਨਹੀਂ ਭੁੱਲੇਗੀ, ਰਾਤ ਵੀ ਸੌਂ ਨਹੀਂ ਸਕਿਆ ਪੀੜਤ ਪਰਿਵਾਰ। 2018 ਦੁਸਹਿਰੇ ਦੀ ਰਾਤ ਜੋ ਮੰਜ਼ਰ ਪੀੜਤ ਪਰਿਵਾਰਾਂ ਨੇ ਦੇਖਿਆ ਸੀ, ਉਸ ਦੇ ਠੀਕ 1 ਸਾਲ ਬਾਅਦ ਬੀਤੀ ਦੁਸਹਿਰੇ ਦੀ ਰਾਤ ਇਨ੍ਹਾਂ ਪਰਿਵਾਰਾਂ ਦਾ ਜ਼ਖਮ ਹਰਾ ਕਰ ਗਈ। ਪੀੜਤ ਪਰਿਵਾਰਾਂ ਦੇ ਹੰਝੂ ਵੀ ਹੁਣ ਤਾਂ ਸੁੱਕ ਚੁੱਕੇ ਹਨ। ਜੋ ਪਰਿਵਾਰ ਸਿੱਧੂ ਤੇ ਮਿੱਠੂ ਨੇ ਗੋਦ ਲੈ ਕੇ ਪਾਲਣ ਦੀ ਗੱਲ ਕੀਤੀ ਸੀ, ਉਨ੍ਹਾਂ ਦੀ ਸਾਰ ਕੋਈ ਨਹੀਂ ਲੈ ਰਿਹਾ।

ਸਿੱਧੂ ਦੇ ਚੇਲੇ ਮਿੱਠੂ ਵੀ ਸੋਸ਼ਲ ਮੀਡੀਆ 'ਤੇ ਵਾਇਰਲ
ਸਿੱਧੂ ਦੇ ਚੇਲੇ ਮਿੱਠੂ ਵੀ ਸੋਸ਼ਲ ਮੀਡੀਆ 'ਤੇ ਦੁਸਹਿਰਾ 2018 ਰੇਲ ਹਾਦਸਾ ਕਾਂਡ ਨੂੰ ਲੈ ਕੇ ਖੂਬ ਵਾਇਰਲ ਹੋ ਰਹੇ ਹਨ, ਜਿਸ ਅੰਦਾਜ਼ 'ਚ ਮਿੱਠੂ ਸ਼ਬਦਾਂ ਨਾਲ ਮਜੀਠੀਆ ਨੂੰ ਚੁਣੌਤੀ ਦੇ ਰਹੇ ਹਨ ਤੇ ਉਨ੍ਹਾਂ ਦੀ ਵੀਡੀਓ ਬਣਾਈ ਗਈ ਹੈ, ਉਸ ਤੋਂ ਇਹੀ ਲੱਗਦਾ ਹੈ ਕਿ ਉਹ ਰੇਲ ਹਾਦਸਾ ਪੀੜਤ ਪਰਿਵਾਰਾਂ ਨਾਲ ਹਮਦਰਦੀ ਦੇ ਬਜਾਏ ਮਜੀਠੀਆ ਨੂੰ ਚਿਤਾਵਨੀ ਭਰੇ ਲਹਿਜ਼ੇ ਨਾਲ ਜਿਵੇਂ ਧਮਕਾ ਰਹੇ ਹੋਣ।

22 ਤੱਕ ਦੇ ਭਰੋਸੇ ਤੋਂ ਬਾਅਦ ਨਹੀਂ ਲਾਇਆ ਧਰਨਾ
22 ਅਕਤੂਬਰ ਤੱਕ 24 ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਚਿੱਠੀ ਦਾ ਐਲਾਨ ਜ਼ਿਲਾ ਪ੍ਰਸ਼ਾਸਨ ਕਰ ਸਕਦਾ ਹੈ। ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਤੋਂ ਹਰੀ ਝੰਡੀ ਮਿਲ ਚੁੱਕੀ ਹੈ, ਛੇਤੀ ਹੀ ਜਿਨ੍ਹਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਣੀ ਹੈ, ਉਨ੍ਹਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ 22 ਤਰੀਕ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਬੱਚਤ ਭਵਨ 'ਚ ਰੇਲ ਹਾਦਸਾ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਚਿੱਠੀ ਦਿੱਤੀ ਜਾਵੇਗੀ। ਹਾਲਾਂਕਿ ਇਸ ਸਾਰੇ ਮਾਮਲੇ 'ਚ ਅਕਾਲੀ ਦਲ ਨੇ ਜਿਸ ਤਰ੍ਹਾਂ ਸਿਆਸਤ ਵੱਲ ਕੇਸ ਮੋੜਿਆ ਹੈ, ਕਾਂਗਰਸ ਹਾਈਕਮਾਂਡ ਵੀ ਕਮਜ਼ੋਰ ਨਹੀਂ ਰਹਿਣਾ ਚਾਹੁੰਦੀ। ਅਜਿਹੇ 'ਚ ਇਸ ਭਰੋਸੇ ਦੇ ਨਾਲ ਹੀ ਰੇਲ ਹਾਦਸਾ ਪੀੜਤ ਪਰਿਵਾਰਾਂ ਨੇ ਧਰਨਾ ਨਾ ਲਾਉਣ ਦਾ ਫੈਸਲਾ 22 ਤਰੀਕ ਤੱਕ ਟਾਲ ਦਿੱਤਾ ਹੈ।


Baljeet Kaur

Content Editor

Related News