ਅੰਮ੍ਰਿਤਸਰ ਰੇਲ ਹਾਦਸਾ : ਚੀਕ-ਚਿਹਾੜੇ ''ਚ ਵੀ ਰਾਜਨੀਤੀ ਕਰਨ ਤੋਂ ਬਾਜ਼ ਨਾ ਆਏ ਆਗੂ

Saturday, Oct 20, 2018 - 04:56 PM (IST)

ਅੰਮ੍ਰਿਤਸਰ ਰੇਲ ਹਾਦਸਾ : ਚੀਕ-ਚਿਹਾੜੇ ''ਚ ਵੀ ਰਾਜਨੀਤੀ ਕਰਨ ਤੋਂ ਬਾਜ਼ ਨਾ ਆਏ ਆਗੂ

ਅੰਮ੍ਰਿਤਸਰ (ਅਰੁਣ/ ਰਮਨ/ ਮਮਤਾ/ ਜਸ਼ਨ/ ਬੌਬੀ/ ਟੋਡਰਮਲ/ ਅਵਧੇਸ਼) : ਜੌੜਾ ਫਾਟਕ 'ਤੇ ਹੋਏ ਹਾਦਸੇ ਨੂੰ ਲੈ ਕੇ ਜਿੱਥੇ ਇਕ ਪਾਸੇ ਚੀਖ-ਚਿਹਾੜਾ ਮਚਿਆ ਹੋਇਆ ਸੀ ਉਥੇ ਦੂਜੇ ਪਾਸੇ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਖਾਸ ਕਰ ਵਿਰੋਧੀ ਧਿਰ ਦੇ ਨੇਤਾ ਰਾਜਨੀਤੀ ਕਰਨ ਲੱਗੇ ਹੋਏ ਸਨ। ਉਹ ਇਸ ਹਾਦਸੇ ਦਾ ਸਾਰਾ ਦੋਸ਼ ਕਾਂਗਰਸੀਆਂ ਸਿਰ ਮੜ੍ਹ ਰਹੇ ਸਨ ਅਤੇ ਨਾਲ ਜ਼ਿਲਾ ਪ੍ਰਸਾਸ਼ਨ ਨੂੰ ਵੀ ਕੋਸ ਰਹੇ ਸਨ। ਇਸ ਦੌਰਾਨ ਗੁੱਸੇ 'ਚ ਆਏ ਲੋਕ ਜਿੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਉਥੇ ਹੀ ਉਨ੍ਹਾਂ ਕੋਲੋਂ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਕੀਮਤਾਂ ਜਾਨਾਂ ਦਾ ਹਿਸਾਬ ਮੰਗ ਰਹੇ ਸਨ। ਰੇਲ ਟਰੈਕ ਦੀ ਹਾਲਤ ਇਹ ਸੀ ਕਿ ਉਥੇ ਖੂਨ ਅਤੇ ਚੱਪਲਾਂ ਖਿਲਰੀਆਂ ਹੋਈਆਂ ਸਨ ਅਤੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭ ਰਹੇ ਸਨ। ਸਭ ਤੋਂ ਜ਼ਿਆਦਾ ਘਬਰਾਈਆਂ ਹੋਈਆਂ ਔਰਤਾਂ ਸਨ , ਜਿਨ੍ਹਾਂ ਨੂੰ ਆਪਣੇ ਬੱਚੇ ਨਹੀਂ ਲੱਭ ਰਹੇ ਸਨ। 
PunjabKesari
ਇਸ ਮੌਕੇ ਭਾਜਪਾ ਆਗੂ ਰਾਜੇਸ਼ ਹਨੀ ਨੇ ਇਸ ਹਾਦਸੇ ਦਾ ਸਾਰਾ ਕਸੂਰ ਵਾਰਡ ਨੰਬਰ 30 ਦੇ ਕੌਂਸਲਰ ਦੇ ਬੇਟੇ ਮਿੱਠੂ ਮਦਾਨ ਅਤੇ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੇ ਸਿਰ ਮੜ੍ਹਿਆ। ਉਨ੍ਹਾਂ ਕਿਹਾ ਕਿ ਰਾਵਣ ਨੂੰ ਸਾੜਨ ਦਾ ਸਮਾਂ ਲਗਭਗ 5.30 ਤੋਂ 6 ਵਜੇ ਦੇ ਕਰੀਬ ਸੀ ਪਰ ਨਵਜੋਤ ਕੌਰ ਸਿੱਧੂ ਦੇ ਲੇਟ ਪਹੁੰਚਣ ਕਾਰਨ ਇਸ ਨੂੰ ਲਗਭਗ 7.15 ਵਜੇ ਅੱਗ ਲਗਾਈ ਗਈ। ਇਸ ਦੌਰਾਨ ਹੀ ਰੇਲ ਗੱਡੀਆਂ ਦੇ ਆਉਣ ਦਾ ਵੀ ਸਮਾਂ ਸੀ ਅਤੇ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਜੋਤ ਕੌਰ ਹਾਦਸੇ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਉਥੋਂ ਚਲੀ ਗਈ ਜੋ ਕਿ ਮੰਦਭਾਗਾ ਸੀ। 
PunjabKesari
ਇਸ ਦੌਰਾਨ ਹੋਰ ਆਗੂ ਵੀ ਨਵਜੋਤ ਕੌਰ ਸਿੱਧੂ ਨੂੰ ਕਸੂਰਵਾਰ ਦੱਸਦੇ ਹੋਏ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਆਗੂ ਤਰੁਣ ਚੁੱਘ ਵਲੋਂ ਵੀ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਨਵਜੋਤ ਕੌਰ ਸਿੱਧੂ ਨੂੰ ਠਹਿਰਾਇਆ ਗਿਆ। ਜਦੋਂ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਲਈ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਦੇ ਪ੍ਰਬੰਧਕਾਂ 'ਤੇ ਪਰਚਾ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕੁਝ ਨੇਤਾ ਹਾਦਸੇ ਵਾਲੀ ਥਾਂ 'ਤੇ ਧਰਨਾ ਲਾਉਣ ਦਾ ਵੀ ਐਲਾਨ ਕਰ ਰਹੇ ਸਨ।
PunjabKesari
ਦੂਸਰੇ ਪਾਸੇ ਸਿਵਲ ਹਸਪਤਾਲ 'ਚ ਚੀਖ-ਚਿਹਾੜਾ ਮਚਿਆ ਹੋਇਆ ਸੀ ਉਥੇ ਲਗਭਗ 37 ਦੇ ਕਰੀਬ ਜ਼ਖਮੀਆਂ ਨੂੰ ਲਿਆਂਦਾ ਗਿਆ ਸੀ , ਜਿਨ੍ਹਾਂ 'ਚੋਂ ਕੁਝ ਲੋਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਦੋਂ ਕਿ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਬਹੁਤ ਸਾਰੇ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕੀਤਾ ਜਾ ਰਿਹਾ ਸੀ। ਜਿਨ੍ਹਾਂ ਨੂੰ ਲੈ ਜਾਣ ਲਈ ਹਸਪਤਾਲ ਦੇ ਕੰਪਲੈਕਸ 'ਚ ਐਂਬੂਲੈਸਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। 
ਦੂਸਰੇ ਪਾਸੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਰੋ ਰਹੇ ਸਨ ਅਤੇ ਹਾਲ ਪੁੱਛਣ 'ਤੇ ਵੀ ਉਹ ਮੀਡੀਆ ਨੂੰ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਨੇਤਾ ਸਮਝ ਕੇ ਉਨ੍ਹਾਂ ਨਾਲ ਲੜਨ ਪੈ ਰਹੇ ਸਨ। 
PunjabKesari
ਗੁਰੂ ਨਾਨਕ ਦੇਵ ਹਸਪਤਾਲ ਤੋਂ ਮਿਲੀ ਸੂਚਨਾ ਅਨੁਸਾਰ ਲਗਭਗ 150 ਦੇ ਕਰੀਬ ਜ਼ਖਮੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਅਤੇ ਦੇਰ ਰਾਤ ਤੱਕ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਰਿਹਾ ਸੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਜਿਸ ਵੇਲੇ ਹਾਦਸਾ ਹੋਇਆ ਜ਼ਖਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇਕ ਇਕ ਐਂਬੂਲੈਂਸ 'ਚ ਲਗਭਗ 10-10 ਦੇ ਕਰੀਬ ਜ਼ਖਮੀਆਂ ਨੂੰ ਲੱਦ ਕੇ ਲਿਜਾਇਆ ਜਾ ਰਿਹਾ ਸੀ, ਦੂਸਰੇ ਪਾਸੇ ਰੇਲਵੇ ਟਰੈਕ 'ਤੇ ਲਾਸ਼ਾਂ ਦੇ ਢੇਰ ਵੀ ਲੱਗੇ ਹੋਏ ਸਨ। ਇੰਨਾ ਹੀ ਨਹੀਂ ਰੇਲ ਗੱਡੀਆਂ ਦੇ ਥੱਲੇ ਬੁਰੀ ਤਰ੍ਹਾਂ ਆਏ ਲੋਕਾਂ ਦੇ ਚੀਥੜੇ ਉਡੇ ਹੋਏ ਸਨ ਕਿ ਕਿਸੇ ਲਾਸ਼ਾਂ ਦੇ ਸਿਰ ਨਹੀਂ ਲੱਭ ਰਿਹਾ ਸੀ ਅਤੇ ਕਿਸੇ ਦੇ ਹੱਥ ਪੈਰ ਧੜ ਤੋਂ ਅਲੱਗ ਹੋਏ ਪਏ ਸਨ। ਰਾਤ ਦੇ ਹਨੇਰੇ 'ਚ ਲਾਸ਼ਾਂ ਨੂੰ ਲੱਭਣਾ ਬੜਾ ਔਖਾ ਕੰਮ ਸੀ ਅਤੇ ਕੁਝ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਰੇਲ ਟਰੈਕ 'ਤੇ ਹੀ ਲਾਸ਼ਾਂ ਲੈ ਕੇ ਵਿਰਲਾਪ ਕਰ ਰਹੇ ਸਨ ਅਤੇ ਇਨਸਾਫ ਦੀ ਮੰਗ ਕਰ ਰਹੇ ਸਨ। 
PunjabKesari
ਇਸ ਦੌਰਾਨ ਪੁਲਸ ਕਮਿਸ਼ਨਰ ਸ੍ਰੀਵਾਸਤਵ ਵਲੋਂ ਲੋਕਾਂ ਤੋਂ ਪੁਲਸ ਨੂੰ ਸਹਿਯੋਗ ਕਰਨ ਦੀ ਵਾਰ ਵਾਰ ਅਪੀਲ ਕੀਤੀ ਜਾ ਰਹੀ ਸੀ। ਜਦੋਂ ਕਿ ਕੁਝ ਆਗੂ ਦੂਸਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਦੁੱਖ ਦੀ ਘੜੀ 'ਚ ਰਾਜਨੀਤੀ ਨਾ ਕਰਨ ਦੀ ਸਲਾਹ ਦੇ ਕੇ ਸਹਿਯੋਗ ਦੀ ਮੰਗ ਕਰ ਰਹੇ ਸਨ।


Related News