ਵਿਧਾਇਕ ਬੰਡਾਲਾ ਦੀ ਕੋਠੀ ਦਾ ਘਿਰਾਓ ਕਾਰਨ ਪੁੱਜੇ ਅਕਾਲੀ ਕਾਰਕੁਨ, ਪੁਲਸ ਨੇ ਰੋਕਿਆ
Wednesday, Aug 05, 2020 - 04:56 PM (IST)
ਅੰਮ੍ਰਿਤਸਰ (ਛੀਨਾ) : ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਮੌਤਾਂ ਦਾ ਮਾਮਲਾ ਦਿਨੋਂ-ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਇਸ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੈਂਕੜੇ ਆਗੂ ਤੇ ਵਰਕਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ, ਜਿਨ੍ਹਾਂ ਨੂੰ ਪੁਲਸ ਨੇ ਕੋਠੀ ਤੋਂ ਥੋੜੀ ਦੂਰ ਹੀ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸ ਮੌਕੇ 'ਤੇ ਅਕਾਲੀ ਦਲ ਬਾਦਲ ਦੇ ਨੁਮਾਇੰਦਿਆਂ ਨੇ ਕਾਂਗਰਸ ਸਰਕਾਰ ਤੇ ਵਿਧਾਇਕ ਡੈਨੀ ਬੰਡਾਲਾ ਦੇ ਖਿਲ਼ਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਬੈਰੀਕੇਡ ਹਟਾ ਕੇ ਅੱਗੇ ਵੱਧਣ ਦਾ ਪੂਰਾ ਯਤਨ ਕੀਤਾ ਪਰ ਵੱਡੀ ਗਿਣਤੀ 'ਚ ਤਾਇਨਾਤ ਪੁਲਸ ਨੇ ਭਾਰੀ ਮੁਸ਼ੱਕਤ ਨਾਲ ਮੋਰਚਾ ਸੰਭਾਲਦਿਆਂ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕ ਲਿਆ।
ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਸ ਮੌਕੇ 'ਤੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਮਲਕੀਅਤ ਸਿੰਘ ਏ.ਆਰ., ਬੋਨੀ ਅਮਰਪਾਲ ਸਿੰਘ ਅਜਨਾਲਾ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਲਜੀਤ ਸਿੰਘ ਜਲਾਲ ਉਸਮਾ (ਸਾਰੇ) ਸਾਬਕਾ ਵਿਧਾਇਕ ਖ਼ਾਸ ਤੌਰ 'ਤੇ ਹਾਜ਼ਰ ਸਨ, ਜਿੰਨ੍ਹਾਂ ਦੀ ਮੌਜੂਦਗੀ 'ਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ 'ਚ ਨਸ਼ਿਆ ਦਾ ਕਾਰੋਬਾਰ ਸਿਆਸੀ ਸਰਪ੍ਰਸਤੀ ਹੇਠ ਹੀ ਚੱਲ ਰਿਹਾ ਹੈ ਤੇ ਮਾਝੇ 'ਚ ਜਹਿਰੀਲੀ ਸ਼ਰਾਬ ਪੀਣ ਨਾਲ ਜਿੰਨੇ ਵੀ ਬੇਕਸੂਰ ਲੋਕ ਮੌਤ ਦੇ ਮੂੰਹ 'ਚ ਗਏ ਹਨ ਉਸ ਲਈ ਸਿੱਧੇ ਤੌਰ 'ਤੇ ਹਲਕਾ ਵਿਧਾਇਕ ਹੀ ਜਿੰਮੇਵਾਰ ਹਨ। ਗਿੱਲ ਨੇ ਕਿਹਾ ਕਿ ਪਿੰਡ ਜਲਾਲ 'ਚ ਨਾਜਾਇਜ਼ ਸ਼ਰਾਬ ਦੀ ਛਾਪੇਮਾਰੀ ਕਰਨ ਪਹੁੰਚੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ 'ਤੇ ਵਿਧਾਇਕ ਡੈਨੀ ਬੰਡਾਲਾ ਨੇ ਨਾਜਾਇਜ਼ ਪੁਲਸ ਕੇਸ ਦਰਜ ਕਰਵਾ ਕੇ ਨਸ਼ਾ ਸੁਦਾਗਰਾਂ ਨਾਲ ਆਪਣੀ ਮਿਲੀਭੁਗਤ ਦਾ ਸਬੂਤ ਦਿਤਾ ਹੈ, ਜਿਸ ਕਾਰਨ ਹਲਕਾ ਜੰਡਿਆਲਾ ਗੁਰੂ 'ਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਮੌਤਾਂ ਲਈ ਕਾਂਗਰਸ ਦਾ ਇਹ ਵਿਧਾਇਕ ਹੀ ਜਿੰਮੇਵਾਰ ਹੈ, ਜਿਸ ਦੇ ਖਿਲ਼ਾਫ਼ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਗਿੱਲ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੇ ਅਣਗਿਣਤ ਘਰ ਉਜਾੜ ਕੇ ਰੱਖ ਦਿੱਤੇ ਹਨ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਵੀਜ਼ਨਲ ਕਮਿਸ਼ਨਰ ਨੂੰ ਸਾਰੇ ਮਾਮਲੇ ਦੀ ਜਾਂਚ ਸੌਂਪ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ ਜਦਕਿ ਅਜਿਹੀ ਹੀ ਇਕ ਜਾਂਚ ਦਸਹਿਰੇ ਮੌਕੇ ਜੋੜਾ ਫਾਟਕ 'ਤੇ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਵੀ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਅੱਜ ਤੱਕ ਕਿਸੇ ਵੀ ਜਿੰਮੇਵਾਰੀ ਵਿਅਕਤੀ ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਮੌਤਾਂ ਨੂੰ ਕਤਲ ਦਾ ਮਾਮਲਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਕਾਂਗਰਸੀ ਵਿਧਾਇਕ ਖਿਲ਼ਾਫ਼ ਕੇਸ ਦਰਜ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ
ਇਸ ਮੌਕੇ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਤਲਬੀਰ ਸਿੰਘ ਗਿੱਲ ਤੇ ਸਾਥੀ ਅਕਾਲੀ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਰੋਸ ਸ਼ਾਤ ਕਰਨ ਦਾ ਯਤਨ ਕੀਤਾ ਪਰ ਗਿੱਲ ਤੇ ਉਨ੍ਹਾਂ ਦੇ ਸਾਥੀ ਇਕ ਹੀ ਗੱਲ 'ਤੇ ਅੜੇ ਹੋਏ ਸਨ ਕੇ ਪਹਿਲਾਂ ਵਿਧਾਇਕ 'ਤੇ ਪਰਚਾ ਦਰਜ ਕੀਤਾ ਜਾਵੇ ਤੇ ਫਿਰ ਅਸੀਂ ਇਥੋਂ ਚਲੇ ਜਾਵਾਂਗੇ। ਅਖੀਰ ਪੁਲਸ ਅਧਿਕਾਰੀਆ ਨੇ ਪ੍ਰਦਰਸ਼ਨਕਾਰੀਆ ਨੂੰ ਭਰੋਸਾ ਦਿਵਾਇਆ ਕਿ ਇਸ ਸਾਰੇ ਮਾਮਲੇ ਦੀ 2 ਦਿਨਾਂ 'ਚ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲ਼ਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਿੰਨਾਂ ਦੋਸ਼ੀਆ ਖਿਲ਼ਾਫ਼ ਐੱਫ.ਆਈ.ਆਰ. ਦਰਜ ਹੈ। ਉਨ੍ਹਾਂ ਨੂੰ ਵੀ 2 ਦਿਨਾਂ 'ਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਅਧਿਕਾਰੀਆ ਦੇ ਇਸ ਭਰੋਸੇ ਤੋਂ ਬਾਅਦ ਭਾਵੇ ਗਿੱਲ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਪਰ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦਿਆ ਆਖਿਆ ਕਿ ਜੇਕਰ ਪੁਲਸ ਨੇ ਅਸਲ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਅਤੇ ਅਗਲੀ ਵਾਰ ਇਸ ਤੋਂ ਵੀ ਵੱਡੇ ਇਕੱਠ ਨਾਲ ਕਾਂਗਰਸੀ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਗੋਰਵਦੀਪ ਸਿੰਘ ਵਲਟੋਹਾ, ਅਜੇਬੀਰਪਾਲ ਸਿੰਘ ਰੰਧਾਵਾ, ਅਵਤਾਰ ਸਿੰਘ ਟਰੱਕਾਂ ਵਾਲੇ, ਜਥੇ.ਦਿਲਬਾਗ ਸਿੰਘ ਵਡਾਲੀ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ, ਮਨਪ੍ਰੀਤ ਸਿੰਘ ਮਾਹਲ, ਗੁਰਪ੍ਰੀਤ ਸਿੰਘ ਵਡਾਲੀ, ਰਾਣਾ ਪਲਵਿੰਦਰ ਸਿੰਘ, ਮੰਨਾ ਸਿੰਘ ਝਾਮਕੇ, ਸਰਬਜੀਤ ਸਿੰਘ ਸਰਬ ਭੁੱਲਰ, ਮਲਕੀਤ ਸਿੰਘ ਬੀ.ਡੀ.ਓ., ਸੰਦੀਪ ਸਿੰਘ ਏ.ਆਰ., ਸਾਹਿਬ ਸਿੰਘ ਮਾਨ, ਬਿਕਰਮਜੀਤ ਸਿੰਘ ਬਾਦਲ, ਪੁਸ਼ਪਿੰਦਰ ਸਿੰਘ ਪਾਰਸ, ਦਲਜੀਤ ਸਿੰਘ ਚਾਹਲ, ਇੰਦਰਜੀਤ ਸਿੰਘ ਪੰਡੋਰੀ, ਅਮਰਜੀਤ ਸਿੰਘ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋਂ : ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ