ਭਰਾ ਦੇ ਕਾਤਲਾਂ ਨੂੰ ਫ਼ਾਂਸੀ ਦਿਵਾਉਣ ਲਈ ਆਜ਼ਾਦੀ ਦਿਹਾੜੇ ਮੌਕੇ ਸੀ. ਐੱਮ. ਨੂੰ ਰੱਖੜੀ ਬੰਨ੍ਹਣਗੀਆਂ 2 ਭੈਣਾਂ
Wednesday, May 29, 2019 - 09:58 AM (IST)

ਅੰਮ੍ਰਿਤਸਰ (ਸਫਰ) : ਹੱਥ 'ਚ ਫੋਟੋ ਫੜੀ ਇਹ ਦੋਵੇਂ ਭੈਣਾਂ ਲਕਸ਼ਮੀ ਅਤੇ ਜੋਤੀ ਹਨ, ਵਿਚਕਾਰ ਮਾਂ ਜੀਤ ਹੈ। ਪਰਿਵਾਰ ਹਾਰ ਚੁੱਕਾ ਹੈ। ਇਕਲੌਤੇ ਭਰਾ ਆਸ਼ੂ ਦੀ ਹੱਤਿਆ ਤੋਂ ਬਾਅਦ ਸਿਰਫ ਹੰਝੂ ਬਚੇ ਹਨ। ਹੱਤਿਆ ਦੇ ਦੋਸ਼ੀਆਂ 'ਚ ਨਾਮਵਰ ਬਾਹਰ ਹਨ ਤਾਂ ਘੱਟ ਉਮਰ ਵਾਲੇ ਜੇਲ 'ਚ, ਧਮਕੀਆਂ ਪਰਿਵਾਰ ਨੂੰ ਮਿਲ ਰਹੀਆਂ ਹਨ। ਪੁਲਸ ਵੀ ਸਿਆਸਤ ਅੱਗੇ ਜ਼ਿਆਦਾ ਟਿਕ ਨਹੀਂ ਰਹੀ। ਇਹੀ ਵਜ੍ਹਾ ਹੈ ਕਿ ਇਨ੍ਹਾਂ ਦੋਵਾਂ ਭੈਣਾਂ ਨੇ ਠਾਣਿਆ ਹੈ ਕਿ ਇਸ ਵਾਰ 15 ਅਗਸਤ ਨੂੰ ਜਿਥੇ ਉਹ ਆਜ਼ਾਦੀ ਦਿਵਸ ਨਹੀਂ ਮਨਾਉਣਗੀਆਂ, ਉਥੇ ਹੀ ਉਸੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਰੱਖੜੀ ਬੰਨ੍ਹ ਭਰਾ ਦੇ ਕਾਤਲਾਂ ਨੂੰ ਫ਼ਾਂਸੀ ਦਿਵਾਉਣ ਦਾ ਪ੍ਰਣ ਲੈਣਗੀਆਂ। ਉਸ ਦਿਨ 15 ਅਗਸਤ ਹੈ, ਸਵਾਲ ਵੀ ਕਰਨਗੀਆਂ ਕਿ ਅੰਮ੍ਰਿਤਸਰ ਦੀ ਫੈਜ਼ਪੁਰਾ ਆਬਾਦੀ ਗੈਂਗਸਟਰਾਂ ਅੱਗੇ ਕਿੰਨੀ ਗੁਲਾਮ ਹੈ ਅਤੇ ਪੂਰਾ ਇਲਾਕੇ 'ਚ ਖਾਦੀ ਅੱਗੇ ਖਾਕੀ ਕਿੰਨੀ ਬੇਵੱਸ।
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਆਸ਼ੂ ਦੀਆਂ ਦੋਵਾਂ ਭੈਣਾਂ ਅਤੇ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੇਟੀਆਂ ਸਹੁਰੇ ਘਰੋਂ ਪੇਕੇ ਆਉਣ 'ਚ ਖੌਫ ਖਾਂਦੀਆਂ ਹਨ। ਮਜ਼ਾਲ ਹੈ ਕਿ ਸ਼ਾਮ ਤੋਂ ਬਾਅਦ ਕੋਈ ਪਰਿਵਾਰ ਦੇ ਲੋਕ ਗਲੀਆਂ ਵਿਚ ਨਿਕਲਣ। ਬੱਚਿਆਂ ਦਾ ਗਲੀਆਂ ਵਿਚ ਖੇਡਣਾ ਮਾਂ-ਬਾਪ ਨੇ ਬੰਦ ਕਰਵਾ ਦਿੱਤਾ ਹੈ। ਖੌਫ ਇੰਨ੍ਹਾਂ ਹੈ ਕਿ ਦਰਵਾਜ਼ੇ ਦੀ ਖੜਾਕੇ ਨਾਲ ਲੱਗਦਾ ਹੈ ਕਿ ਕਿਤੇ ਗੈਂਗਸਟਰ ਤਾਂ ਨਹੀਂ ਆ ਗਏ। ਜੋਤੀ ਅਤੇ ਲਕਸ਼ਮੀ ਦੋਵੇਂ ਮਾਂ 'ਜੀਤ' ਨੂੰ ਕਹਿੰਦੀਆਂ ਹਨ ਕਿ ਕਾਨੂੰਨ 'ਤੇ ਭਰੋਸਾ ਰੱਖੋ। ਈਸ਼ਵਰ ਸਾਨੂੰ ਜਿੱਤ ਦਿਵਾਏਗਾ। ਗੈਂਗਸਟਰ ਸਾਰੇ ਫੜੇ ਜਾਣਗੇ। ਅਸੀਂ ਦੋਵੇਂ ਭੈਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਾਂਗੀਆਂ ਕਿ ਸਾਡੇ ਭਰਾ ਦੇ ਹੱਤਿਆਰਿਆਂ ਨੂੰ ਫ਼ਾਂਸੀ ਦਿਵਾਉਣ। ਸਾਡੀ ਰੱਖੜੀ ਦੀ ਕਲਾਈ ਜਿਨ੍ਹਾਂ ਦਰਿੰਦਿਆਂ ਨੇ ਹਮੇਸ਼ਾ ਲਈ ਖੋਹ ਲਈ ਹੈ, ਉਨ੍ਹਾਂ ਨੂੰ ਵੀ ਅਜਿਹਾ ਸਬਕ ਮਿਲੇ ਜਿਸ ਨਾਲ ਗੁਨਾਹਗਾਰ ਦੇ ਹੱਥ ਕੰਬ ਜਾਣ।
ਪ੍ਰਧਾਨ ਮੰਤਰੀ ਨੂੰ ਲਿਖਣਗੇ ਮੁਹੱਲਾ ਵਾਸੀ ਚਿੱਠੀ
ਫੈਜ਼ਪੁਰਾ ਆਬਾਦੀ ਦੇ ਲੋਕਾਂ ਨੇ ਜਿਥੇ ਇਸ ਵਾਰ ਠਾਣਿਆ ਹੈ ਕਿ ਜੇਕਰ ਸਾਰੇ ਗੈਂਗਸਟਰ 15 ਅਗਸਤ ਤੱਕ ਨਾ ਗ੍ਰਿਫਤਾਰ ਕੀਤੇ ਗਏ ਤਾਂ ਇਲਾਕੇ ਦੇ ਲੋਕ ਆਜ਼ਾਦੀ ਦਿਵਸ ਨਹੀਂ ਮਨਾਉਣਗੇ। ਇਹ ਫ਼ੈਸਲਾ ਗੈਂਗਸਟਰਾਂ ਦੀ ਗ੍ਰਿਫਤਾਰੀ 'ਤੇ ਨਿਰਭਰ ਕਰਦਾ ਹੈ। ਉਥੇ ਹੀ ਇਲਾਕੇ ਦੇ ਲੋਕਾਂ ਨੇ ਇਕ ਕਮੇਟੀ ਬਣਾਈ ਹੈ, ਜੋ ਗੈਂਗਸਟਰਾਂ ਦੇ ਵੱਧਦੇ ਕਦਮਾਂ ਖਿਲਾਫ ਸਰਕਾਰ ਨੂੰ ਚਿਤਾਵਨੀ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ, ਉਥੇ ਹੀ ਸ਼ਹਿਰ 'ਚ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕਰਨਗੇ।
ਗੈਂਗਸਟਰਾਂ ਦੀਆਂ ਗੋਲੀਆਂ ਨਾਲ ਦੁਨੀਆ ਛੱਡਣ ਵਾਲੇ ਆਸ਼ੂ ਦੀ ਮਾਂ ਜੀਤ ਕੁਮਾਰੀ ਦੀਆਂ ਅੱਖਾਂ ਵਿਚ ਹਾਰ ਨਹੀਂ ਦਿਸਦੀ। ਕਹਿੰਦੀ ਹੈ ਕਿ ਮੈਨੂੰ ਨਿਆਂ ਨਾ ਮਿਲਿਆ ਤਾਂ ਮੈਂ ਰਾਸ਼ਟਰਪਤੀ ਭਵਨ ਦੇ ਬਾਹਰ ਜਾ ਕੇ ਭੁੱਖ ਹੜਤਾਲ ਕਰਾਂਗੀ। ਮੇਰੇ ਬੇਟੇ ਦੇ ਹੱਤਿਆਰਿਆਂ ਨੂੰ ਫ਼ਾਂਸੀ ਹੋਵੇ। ਰੱਖਿਆ ਦਾ ਬੰਧਨ ਫੈਜ਼ਪੁਰਾ ਆਬਾਦੀ ਨੂੰ ਮਿਲੇ ਅਤੇ ਆਜ਼ਾਦੀ ਵੀ। ਮੇਰੀਆਂ ਦੋਵਾਂ ਬੇਟੀਆਂ ਦੀ ਰੱਖੜੀ ਦੀ ਕਲਾਈ ਖੋਹਣ ਵਾਲੇ ਗੈਂਗਸਟਰਾਂ ਦੀ ਗ੍ਰਿਫਤਾਰੀ ਜਦੋਂ ਤੱਕ ਨਹੀਂ ਹੋਵੇਗੀ, ਸਾਡਾ ਮੁਹੱਲਾ ਆਜ਼ਾਦੀ ਦਿਵਸ ਨਹੀਂ ਮਨਾਏਗਾ ਅਤੇ ਨਾ ਹੀ ਰੱਖੜੀ। ਇਸ ਸਬੰਧੀ ਪੁਲਸ ਕਮਿਸ਼ਰਰ ਐੱਸ. ਐੱਸ. ਸ਼੍ਰੀਵਾਸਤਵ ਮੀਡੀਆ ਨਾਲ ਗੱਲਬਾਤ 'ਚ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਦੇ ਰਹੇ ਹਨ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਗੈਂਗਸਟਰ ਗ੍ਰਿਫਤਾਰ ਨਹੀਂ ਹੋਇਆ।