ਅੰਮ੍ਰਿਤਸਰ ਲੋਕ ਸਭਾ ਸੀਟ: ਉਮੀਦਵਾਰ ਚੁਣਨਾ ਭਾਜਪਾ ਲਈ ਵੱਡੀ ਚੁਣੌਤੀ

02/12/2019 5:13:21 PM

ਅੰਮ੍ਰਿਤਸਰ— ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਦੇ ਪੁਰਾਣੇ ਫਾਰਮੂਲੇ ਤਹਿਤ ਲੋਕਸਭਾ ਦੀ ਚੋਣ ਲੜਨ ਦੀ ਸਹਿਮਤੀ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਹੀ ਅੰਮ੍ਰਿਤਸਰ ਸੀਟ 'ਤੇ ਚੋਣ ਲੜੇਗੀ। ਖੈਰ ਪਾਰਟੀ ਦੇ ਸਾਹਮਣੇ ਹੁਣ ਇਹ ਫੈਸਲਾ ਲੈਣ ਦੀ ਚੁਣੌਤੀ ਹੈ ਕਿ ਪਾਰਟੀ ਨੂੰ ਇਥੇ ਹੁਣ ਹਿੰਦੂ ਚਿਹਰੇ ਨੂੰ ਮੈਦਾਨ 'ਚ ਉਤਾਰਨਾ ਹੈ ਜਾਂ ਸਿੱਖ ਚਿਹਰਾ ਪਾਰਟੀ ਦਾ ਉਮੀਦਵਾਰ ਹੋਵੇਗਾ। ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਸੀਟ ਸਵੈਪ ਕੀਤੇ ਜਾਣ ਦੀ ਚਰਚਾ ਸੀ ਅਤੇ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਇਸ ਸੀਟ ਦੇ ਉਮੀਦਵਾਰ ਵਜੋਂ ਸਾਹਮਣੇ ਆ ਰਿਹਾ ਹੈ। ਭਾਵੇਂ 2009 ਦੀ ਡੀ-ਲਿਮੀਟੇਸ਼ਨ ਤੋਂ ਬਾਅਦ ਇਸ ਸੀਟ ਦਾ ਗਣਿਤ ਬਦਲ ਗਿਆ ਹੈ ਅਤੇ ਇਸ ਸੀਟ ਦੇ ਤਹਿਤ ਆਉਣ ਵਾਲੇ ਲਗਭਗ 68 ਫੀਸਦੀ ਵੋਟਰ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ, ਜਿਨ੍ਹਾਂ ਨੂੰ ਦੇਖ ਕੇ ਹੀ ਭਾਜਪਾ ਨੂੰ ਫੈਸਲਾ ਕਰਨਾ ਹੋਵੇਗਾ। 

ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਇਸ ਸੀਟ 'ਤੇ ਲਗਾਤਾਰ ਚੋਣ ਜਿੱਤਦੇ ਰਹੇ ਸਨ ਪਰ ਸਿੱਧੂ ਵੱਲੋਂ ਕਾਂਗਰਸ 'ਚ ਜਾਣ ਤੋਂ ਬਾਅਦ ਹੁਣ ਭਾਜਪਾ ਲਈ ਇਥੇ ਕੋਈ ਦਮਦਾਰ ਚਿਹਰਾ ਉਤਾਰਨ ਦੀ ਚੁਣੌਤੀ ਹੈ। 2014 ਦੀਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਨੇ ਅਰੁਣ ਜੇਤਲੀ ਨੂੰ ਇਸ ਸੀਟ 'ਤੇ ਉਤਾਰਿਆ ਸੀ ਪਰ ਦੇਸ਼ ਭਰ 'ਚ ਭਾਜਪਾ ਦੀ ਹਵਾ ਹੋਣ ਦੇ ਬਾਵਜੂਦ ਜੇਤਲੀ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਏ। ਕਾਂਗਰਸ ਦੇ ਜ਼ਿਆਦਾਤਰ ਸਿੱਖ ਨੇਤਾਵਾਂ ਨੇ ਹੀ ਟਿਕਟ ਲਈ ਦਾਅਵੇਦਾਰੀ ਠੋਕੀ ਹੈ। ਖੈਰ ਕਾਂਗਰਸ ਲਈ ਸਿੱਖ ਉਮੀਦਵਾਰ ਹੀ ਮੈਦਾਨ 'ਚ ਹੋਵੇਗਾ ਪਰ ਭਾਜਪਾ ਨੂੰ ਇਸ ਮਾਮਲੇ 'ਚ ਫੈਸਲਾ ਲੈਣ 'ਚ ਮੁਸ਼ਕਿਲ ਹੋ ਸਕਦੀ ਹੈ। 

PunjabKesari

ਗੁਰਜੀਤ ਸਿੰਘ ਔਜਲਾ
ਅੰਮ੍ਰਿਤਸਰ ਪੇਂਡੂ ਖੇਤਰ ਦੇ ਪ੍ਰਧਾਨ ਰਹੇ ਗੁਰਜੀਤ ਸਿੰਘ ਔਜਲਾ 2017 ਦੀ ਜ਼ਿਮਨੀ ਚੋਣ ਦੌਰਾਨ ਇਸ ਸੀਟ 'ਤੇ ਰਜਿੰਦਰ ਮੋਹਨ ਛੀਨਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਸੰਸਦ ਪਹੁੰਚੇ ਹਨ। ਭਾਵੇਂ ਇਸ ਤੋਂ ਪਹਿਲਾਂ ਔਜਲਾ ਅਜਨਾਲਾ ਤੋਂ ਵਿਧਾਨ ਸਭਾ ਚੋਣ ਲੜਨ ਦੇ ਚਾਹਵਾਨ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਬਤੌਰ ਲੋਕਸਭਾ ਮੈਂਬਰ ਉਤਾਰਿਆ।

PunjabKesari

ਰਜਿੰਦਰ ਮੋਹਨ ਛੀਨਾ
ਰਜਿੰਦਰ ਮੋਹਨ ਛੀਨਾ ਅੰਮ੍ਰਿਤਸਰ ਦੇ ਭਾਜਪਾ ਦੇ ਇਕਲੌਤੇ ਸਿੱਖ ਲੀਡਰ ਹਨ। ਉਹ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁਖੀ ਸਕੱਤਰ ਰਹਿਣ ਦੇ ਨਾਲ-ਨਾਲ ਭਾਜਪਾ ਦੀ ਰਾਜ ਇਕਾਈ ਦੇ ਉੱਪ ਪ੍ਰਧਾਨ ਵੀ ਰਹੇ ਹਨ। ਛੀਨਾ ਨੇ 2007 'ਚ ਅੰਮ੍ਰਿਤਸਰ ਵੈਸਟ ਤੋਂ ਵਿਧਾਨ ਸਭਾ ਲਈ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ 2017 ਦੀ ਜ਼ਿਮਨੀ ਚੋਣ ਦੌਰਾਨ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਹਰਦੀਪ ਸਿੰਘ ਪੁਰੀ
ਸ਼ਹਿਰੀ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ ਮੰਤਰਾਲੇ ਦੇ ਹਰਦੀਪ ਸਿੰਘ ਪੁਰੀ ਦਾ ਅੰਮ੍ਰਿਤਸਰ ਨਾਲ ਪੁਰਾਣਾ ਸਬੰਧ ਰਿਹਾ ਹੈ।1977 ਬੈਚ ਦੇ ਇੰਡੀਅਨ ਫਾਰਨ ਸਰਵਿਸਿਜ਼ ਦੇ ਅਧਿਕਾਰੀ ਰਹੇ ਪੁਰੀ ਨੇ ਵਿਦੇਸ਼ ਮੰਤਰਾਲੇ 'ਚ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ। ਪਿਛਲੇ ਇਕ ਸਾਲ ਤੋਂ ਪੁਰੀ ਦੁਆਰਾ ਕੀਤੇ ਜਾ ਰਹੇ ਅੰਮ੍ਰਿਤਸਰ ਦੇ ਦੌਰੇ ਕਾਰਨ ਉਨ੍ਹਾਂ ਨੂੰ ਇਸ ਸੀਟ ਤੋਂ ਉਤਾਰਨ ਦੇ ਕਿਆਸ ਲੱਗ ਰਹੇ ਹਨ। 
ਅਨਿਲ ਜੋਸ਼ੀ
2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤਣ ਵਾਲੇ ਅਨਿਲ ਜੋਸ਼ੀ ਪੰਜਾਬ ਸਰਕਾਰ 'ਚ ਸਥਾਨਕ ਲੋਕਲ ਬਾਡੀਜ਼ ਮੰਤਰੀ ਰਹੇ ਹਨ। ਉਹ ਸ਼ਹਿਰੀ ਖੇਤਰ 'ਚ ਭਾਜਪਾ ਦਾ ਜਾਣਿਆ-ਪਛਾਣਿਆ ਚਿਹਰਾ ਹਨ ਅਤੇ ਰਾਜਨੀਤੀ 'ਚ ਲਗਾਤਾਰ ਸਰਗਰਮ ਹਨ। 

PunjabKesari

ਕੁਲਦੀਪ ਸਿੰਘ ਧਾਲੀਵਾਲ
ਜਨਵਰੀ 2016 'ਚ ਆਮ ਆਦਮੀ ਪਾਰਟੀ 'ਚ ਆਉਣ ਤੋਂ ਪਹਿਲਾਂ ਧਾਲੀਵਾਲ ਕਾਂਗਰਸ ਦੇ ਸੂਬਾ ਇਕਾਈ ਦੇ ਇੰਟਲੈਕਚੂਅਲ ਸੈੱਲ ਦੇ ਉਪ ਚੇਅਰਮੈਨ ਰਹੇ ਹਨ। ਫਿਲਹਾਲ ਉਹ 2018 'ਚ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਮੁਖੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਸੁਖਪਾਲ ਖਹਿਰਾ ਦੇ ਧੜੇ ਦੁਆਰਾ ਪਾਰਟੀ ਤੋਂ ਵੱਖਰਾ ਰਸਤਾ ਅਪਣਾਉਣ ਤੋਂ ਬਾਅਦ ਧਾਲੀਵਾਲ ਨੇ ਆਮ ਆਦਮੀ ਪਾਰਟੀ 'ਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।

ਹਰਦੀਪ ਪੁਰੀ 'ਤੇ ਦਾਅ ਲਾ ਸਕਦੀ ਹੈ ਭਾਜਪਾ
ਭਾਜਪਾ ਵੱਲੋਂ 2007 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਇਲਾਵਾ 2017 ਦੀ ਜ਼ਿਮਨੀ ਚੋਣ 'ਚ ਹਾਰਨ ਵਾਲੇ ਰਜਿੰਦਰ ਮੋਹਨ ਛੀਨਾ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਪਾਰਟੀ ਕੋਲ ਅੰਮ੍ਰਿਤਸਰ 'ਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਵੱਡਾ ਚਿਹਰਾ ਨਹੀਂ ਹੈ। ਛੀਨਾ ਤੋਂ ਇਲਾਵਾ ਇਸ ਸੀਟ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਂ ਵੀ ਚਰਚਾ 'ਚ ਹੈ। ਪੁਰੀ ਪਿਛਲੇ ਸਾਲ ਮੂਧਲ ਪਿੰਡ 'ਚ ਆਪਣੇ ਦੌਰੇ ਤੋਂ ਬਾਅਦ ਚਰਚਾ 'ਚ ਆਏ। ਉਨ੍ਹਾਂ ਦੀ ਸਰਗਰਮੀ ਨੂੰ ਦੇਖ ਕੇ ਹੀ ਅੰਮ੍ਰਿਤਸਰ ਤੋਂ ਉਨ੍ਹਾਂ ਨੂੰ ਉਮੀਦਵਾਰ ਵਜੋਂ ਉਤਾਰੇ ਜਾਣ ਦੀ ਗੱਲ ਹੋ ਰਹੀ ਹੈ। ਆਪਣੇ ਇਸ ਦੌਰੇ ਦੌਰਾਨ ਉਹ ਦਲਿਤਾਂ ਦੇ ਘਰ ਰੁਕੇ ਸੀ ਅਤੇ ਮੀਡੀਆਂ ਦੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਚੋਣ ਲੜਨ ਦੀ ਗੱਲ ਤੋਂ ਇਨਕਾਰ ਕੀਤਾ ਸੀ। ਦੂਜੀ ਵਾਰ ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਫੰਡ ਵੀ ਜਾਰੀ ਕੀਤੇ ਅਤੇ ਇਕ ਵਾਰ ਫਿਰ ਅੰਮ੍ਰਿਤਸਰ ਤੋਂ ਉਨ੍ਹਾਂ ਦੇ ਨਾਂ ਦੀ ਚਰਚਾ ਸ਼ੁਰੂ ਹੋ ਗਈ। ਇਨ੍ਹਾਂ ਦੋਵਾਂ ਤੋ ਇਲਾਵਾ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ  ਦੀ ਨਾਰਥ ਸੀਟ ਤੋਂ ਵਿਧਾਇਕ ਰਹੇ ਅਨਿਲ ਜੋਸ਼ੀ ਦਾ ਨਾਂ ਵੀ ਚਰਚਾ ਵਿਚ ਹੈ। ਉਹ ਅੰਮ੍ਰਿਤਸਰ 'ਚ ਪਾਰਟੀ ਦਾ ਮੁੱਖ ਚਿਹਰਾ ਹਨ। ਚੋਣਾਂ 'ਚ ਹਾਰ ਦੇ ਬਾਵਜੂਦ ਲਗਾਤਾਰ ਸਰਗਰਮ ਰਾਜਨੀਤੀ 'ਚ ਹਨ।

ਕਾਂਗਰਸ ਵੱਲੋਂ ਕਈ ਦਾਅਵੇਦਾਰ
ਸੀਟ 'ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਇਸ ਸੀਟ 'ਤੇ ਦਾਅਵਾ ਠੋਕਣ ਦੀ ਬਜਾਏ ਚੰਡੀਗੜ੍ਹ ਸੀਟ ਲਈ ਅਪਲਾਈ ਕੀਤਾ ਹੈ ਪਰ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲਦੀ ਤਾਂ ਉਹ ਅੰਮ੍ਰਿਤਸਰ ਤੋਂ ਵੀ ਚੋਣ ਲੜ ਸਕਦੇ ਹਨ। ਨਵਜੋਤ ਕੌਰ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਸੁਰਜੀਤ ਸਿੰਘ ਕੋਹਲੀ, ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਵੀ ਅੰਮ੍ਰਿਤਸਰ ਸੀਟ ਲਈ ਕਾਂਗਰਸ ਦੇ ਦਾਅਵੇਦਾਰਾਂ ਦੀ ਲਿਸਟ 'ਚ ਹਨ। ਇਸ ਸੀਟ ਲਈ ਪਾਰਟੀ ਦਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਲਈ ਉਮੀਦਵਾਰ ਦੀ ਚੋਣ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ।

'ਆਪ' ਦਾ ਉਮੀਦਵਾਰ ਤੈਅ
ਭਾਵੇਂ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ 'ਚ ਬਹੁਤਾ ਆਧਾਰ ਨਹੀਂ ਹੈ ਪਰ ਇਸ ਦੇ ਬਾਵਜੂਦ ਪਾਰਟੀ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਨਾਂ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ।


ਸੰਸਦ 'ਚ ਗੁਰਜੀਤ ਸਿੰਘ ਔਜਲਾ 
ਹਾਜ਼ਰੀ-88 ਫੀਸਦੀ
ਸਵਾਲ ਪੁੱਛੇ-33
ਬਹਿਸ ਦਾ ਹਿੱਸਾ-12
ਪ੍ਰਾਈਵੇਟ ਮੈਂਬਰ ਬਿੱਲ-0

ਕਰਤਾਰਪੁਰ ਕਾਰੀਡੋਰ 'ਤੇ ਮਿਲੀ ਵੱਡੀ ਸਫਲਤਾ
ਔਜਲਾ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਨਾਲ ਜੁੜੇ ਕਈ ਮੁੱਦਿਆਂ 'ਤੇ ਸਵਾਲ ਚੁੱਕੇ ਹਨ ਪਰ ਵਿਦੇਸ਼ ਮਾਮਲਿਆਂ ਅਤੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਹੋਣ ਨਾਤੇ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਚੁੱਕੇ ਗਏ ਮਾਮਲੇ ਤੋਂ ਬਾਅਦ ਕਮੇਟੀ ਵੱਲੋਂ ਕਰਤਾਰਪੁਰ ਲਈ ਕਾਰੀਡੋਰ ਨੂੰ ਸਹਿਮਤੀ ਦਿੱਤੇ ਜਾਣ ਦੀ ਰਿਪੋਰਟ ਔਜਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਉਸ ਨੇ ਅੰਮ੍ਰਿਤਸਰ ਏਅਰਪੋਰਟ ਨਾਲ ਜੁੜੇ ਸਵਾਲ ਸੰਸਦ 'ਚ ਰੱਖੇ ਤੇ ਏਅਰਪੋਰਟ ਤੋਂ ਕੌਮੀ ਅਤੇ ਕੌਮਾਂਤਰੀ ਉਡਾਣਾਂ 'ਚ ਵਾਧਾ ਕਰਨ 'ਚ ਸਫਲ ਰਹੇ। ਇਨ੍ਹਾਂ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਪ੍ਰਾਇਮਰੀ ਸਕੂਲਾਂ ਦੇ ਸੁਧਾਰ ਲਈ ਫੰਡ ਜਾਰੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਸੰਸਦ ਵੱਲੋਂ ਜਾਰੀ ਕੀਤੇ ਗਏ ਲਗਭਗ 12 ਕਰੋੜ ਦੇ ਫੰਡ ਨੂੰ ਖਰਚ ਕਰਨ ਦੇ ਕੰਮਾਂ ਦੀ ਸੂਚੀ ਵੀ ਬਣਵਾਈ ਹੈ ਤੇ ਜ਼ਿਆਦਾਤਰ ਇਸ 'ਤੇ ਕੰਮ ਹੋ ਵੀ ਚੁੱਕਾ ਹੈ।

ਅੰਮ੍ਰਿਤਸਰ 'ਚ ਰਿਹਾ ਹੈ ਕਾਂਗਰਸ ਦਾ ਪ੍ਰਭਾਵ
ਅੰਮ੍ਰਿਤਸਰ ਸੀਟ ਇਤਿਹਾਸਕ ਰੂਪ ਨਾਲ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। ਅਜ਼ਾਦੀ ਤੋਂ ਬਾਅਦ ਇਸ ਸੀਟ 'ਤੇ 19 ਵਾਰ ਚੋਣ ਹੋਈ ਹੈ। ਜਿਸ 'ਚੋਂ 17 ਵਾਰ ਸਧਾਰਨ ਚੋਣਾਂ ਅਤੇ ਦੋ ਵਾਰ ਜ਼ਿਮਨੀ ਚੋਣ ਹੋਈ ਹੈ ਅਤੇ ਇਸ ਦੌਰਾਨ 12 ਵਾਰ ਕਾਂਗਰਸ ਦੀ ਸੀਟ ਨੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਭਾਜਪਾ 5 ਵਾਰ, ਭਾਰਤੀ ਜਨਸੰਘ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਵੀ ਜਿੱਤਿਆ ਹੈ।

 

ਸਾਲ ਜੇਤੂ ਪਾਰਟੀ
1952 ਗੁਰਮੁਖ ਸਿੰਘ ਕਾਂਗਰਸ
1957 ਗੁਰਮੁਖ ਸਿੰਘ ਕਾਂਗਰਸ
1962 ਗੁਰਮੁਖ ਸਿੰਘ ਕਾਂਗਰਸ
1967 ਵਾਈ. ਡੀ. ਸ਼ਰਮਾ ਭਾਰਤੀ ਜਨਸੰਘ
1971 ਦੁਰਗਾ ਦਾਸ ਭਾਟੀਆ ਕਾਂਗਰਸ
1977 ਵਾਈ. ਡੀ. ਸ਼ਰਮਾ ਭਾਰਤੀ ਜਨਸੰਘ
1980 ਰਘੂਨੰਦਨ ਲਾਲ ਭਾਟੀਆ ਕਾਂਗਰਸ
1985 ਰਘੂਨੰਦਨ ਲਾਲ ਭਾਟੀਆ ਕਾਂਗਰਸ
1989 ਕ੍ਰਿਪਾਲ ਸਿੰਘ ਆਜ਼ਾਦ
1992 ਰਘੂਨੰਦਨ ਲਾਲ ਭਾਟੀਆ ਕਾਂਗਰਸ
1996 ਰਘੂਨੰਦਨ ਲਾਲ ਭਾਟੀਆ ਕਾਂਗਰਸ
1998 ਦਯਾ ਸਿੰਘ ਸੋਢੀ ਬੀ. ਜੇ. ਪੀ.
1999 ਰਘੂਨੰਦਨ ਲਾਲ ਭਾਟੀਆ ਕਾਂਗਰਸ
2004 ਨਵਜੋਤ ਸਿੰਘ ਸਿੱਧੂ ਬੇ. ਜੇ. ਪੀ.
2007 ਨਵਜੋਤ ਸਿੰਘ ਸਿੱਧੂ ਬੇ. ਜੇ. ਪੀ.
2009 ਨਵਜੋਤ ਸਿੰਘ ਸਿੱਧੂ ਬੇ. ਜੇ. ਪੀ.
2014 ਕੈਪਟਨ ਅਮਰਿੰਦਰ ਸਿੰਘ ਕਾਂਗਰਸ
2017 ਗੁਰਜੀਤ  ਸਿੰਘ ਔਜਲਾ ਕਾਂਗਰਸ













 


shivani attri

Content Editor

Related News