NCRB ਰਿਪੋਰਟ ਦਾ ਖੁਲਾਸਾ, ਕਰਜ਼ੇ ਤੋਂ ਵੱਧ ਬੀਮਾਰੀਆਂ ਨੇ ਨਿਗਲੇ ਪੰਜਾਬ ਦੇ ਲੋਕ

01/20/2020 11:53:50 AM

ਅੰਮ੍ਰਿਤਸਰ : ਆਰਥਿਕ ਤੰਗੀ ਦੇ ਚੱਲਦਿਆਂ ਪੰਜਾਬ 'ਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸੁਰਖੀਆਂ 'ਚ ਰਹਿੰਦੇ ਹਨ। ਸਿਰਫ ਕਰਜ਼ਾ ਹੀ ਨਹੀਂ ਬੀਮਾਰੀਆਂ ਵੀ ਪੰਜਾਬ ਦੇ ਲੋਕਾਂ 'ਤੇ ਭਾਰੀ ਪੈ ਰਹੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਦੀ ਮੰਨੀਏ ਤਾਂ ਇੱਥੇ ਲੋਕ ਬੀਮਾਰੀਆਂ ਕਾਰਨ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਰਦੇ ਹਨ।ਇਸ ਦੇ ਨਾਲ ਹੀ ਨਸ਼ੇ ਕਾਰਨ ਵੀ ਬਹੁਤ ਸਾਰੇ ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।NCRB ਦੇ ਅੰਕੜਿਆਂ ਮੁਤਾਬਕ ਸਾਲ 2018 'ਚ ਪੰਜਾਬ 'ਚ ਕੁੱਲ 1714 ਲੋਕਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ 'ਚੋਂ 722 ਲੋਕਾਂ ਨੇ ਬੀਮਾਰੀ ਤੋਂ ਤੰਗ ਆ ਕੇ ਜਾਨ ਦਿੱਤੀ। ਇਹ ਅੰਕੜਾ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਯਾਨੀ 42.1 ਫੀਸਦੀ ਰਿਹਾ, ਜਦਕਿ ਦੇਸ਼ ਦੇ 28 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੁਲ ਮਿਲਾ ਕੇ 57.9 ਫੀਸਦੀ ਲੋਕਾਂ ਨੇ ਬੀਮਾਰੀ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸੇ ਮਿਆਦ ਵਿਚ ਕਰਜ਼ ਕਾਰਨ ਪੰਜਾਬ 'ਚ 323 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਯਾਨੀ ਇਸ ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਲੋਕਾਂ ਨੇ ਬੀਮਾਰੀ ਤੋਂ ਤੰਗ ਆ ਕੇ ਜਾਨ ਦਿੱਤੀ। ਇਹ ਸੂਬਾ ਸਰਕਾਰ, ਸਮੁੱਚੀ ਸਿਹਤ ਪ੍ਰਣਾਲੀ ਤੇ ਇਸ ਨਾਲ ਜੁੜੇ ਮਹਿਕਮਿਆਂ ਲਈ ਚਿੰਤਾ ਵਾਲੀ ਗੱਲ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਰੁਝਾਨ ਵੱਧ ਰਿਹਾ ਹੈ। 2017 ਦੇ ਅੰਕੜਿਆਂ 'ਤੇ ਧਿਆਨ ਦੇਈਏ ਤਾਂ ਪੰਜਾਬ 'ਚ ਕੁੱਲ 1481 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਸੀ ਜਿਨ੍ਹਾਂ ਵਿਚੋਂ ਬਿਮਾਰੀ ਤੋਂ ਤੰਗ ਆ ਕੇ ਜਾਨ ਦੇਣ ਵਾਲਿਆਂ ਦੀ ਗਿਣਤੀ 469 ਸੀ। ਯਾਨੀ 31.7 ਫ਼ੀਸਦੀ ਲੋਕਾਂ ਨੇ ਬਿਮਾਰੀ ਕਾਰਨ ਜਾਨ ਦਿੱਤੀ ਸੀ ਤੇ ਔਸਤ ਦੇ ਹਿਸਾਬ ਨਾਲ ਇਹ ਗਿਣਤੀ ਦੇਸ਼ ਭਰ ਵਿਚੋਂ ਦੂਜੇ ਨੰਬਰ 'ਤੇ ਸੀ। ਸਿੱਕਮ ਇਸ ਮਾਮਲੇ 'ਚ ਪਹਿਲੇ ਸਥਾਨ 'ਤੇ ਸੀ। ਇਸੇ ਮਿਆਦ ਵਿਚ ਪੰਜਾਬ ਵਿਚ ਕਰਜ਼ੇ ਤੋਂ ਪਰੇਸ਼ਾਨ 359 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਯਾਨੀ ਕਿਸਾਨ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਕੁਝ ਘੱਟ ਹੋਈਆਂ ਹਨ ਪਰ ਬਿਮਾਰੀ ਕਾਰਨ ਜਾਨ ਦੇਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।

ਨਸ਼ਾ ਵੀ ਲੈ ਰਿਹਾ ਹੈ ਜਾਨ
ਖੁਦਕੁਸ਼ੀ ਦੇ ਕਾਰਨਾਂ 'ਚ ਬੀਮਾਰੀ ਤੇ ਕਰਜ਼ੇ ਤੋਂ ਇਲਾਵਾ ਨਸ਼ਿਆਂ ਦੀ ਵੀ ਅਹਿਮ ਭੂਮਿਕਾ ਹੈ। ਨਸ਼ਿਆਂ ਕਾਰਨ ਵੀ ਸੂਬੇ 'ਚ ਸਾਲ 2018 'ਚ 55 ਲੋਕਾਂ ਨੇ ਖੁਦਕੁਸ਼ੀ ਕਰ ਲਈ।

ਪੰਜਾਬ 'ਚ ਵਧੇ ਖੁਦਕੁਸ਼ੀਆਂ ਦੇ ਮਾਮਲੇ

2017 2018
ਕੁਲ ਮਾਮਲੇ- 1481 ਕੁਲ ਮਾਮਲੇ - 1714
ਬਿਮਾਰੀ ਕਾਰਨ - 469 ਬਿਮਾਰੀ ਕਾਰਨ - 722
ਕਰਜ਼ੇ ਕਾਰਨ - 359 ਕਰਜ਼ੇ ਕਾਰਨ - 323



 


Baljeet Kaur

Content Editor

Related News