ਹੁਸ਼ਿਆਰਪੁਰ ਦੀ ਹੁਸ਼ਿਆਰ ਧੀ ਖਾਕੀ ਪਾ ਬਣ ਗਈ 'ਲੇਡੀ ਸਿੰਘਮ'
Sunday, May 26, 2019 - 12:49 PM (IST)

ਅੰਮ੍ਰਿਤਸਰ/ਹੁਸ਼ਿਆਰਪੁਰ (ਸਫਰ) : 26 ਫਰਵਰੀ ਨੂੰ ਅੰਮ੍ਰਿਤਸਰ ਦੇ ਇਕਲੌਤੇ ਵੂਮੈਨ ਸੈੱਲ ਥਾਣੇ ਦੇ ਇੰਚਾਰਜ ਦੇ ਤੌਰ 'ਤੇ ਇੰਸਪੈਕਟਰ ਰਾਜਵੀਰ ਕੌਰ ਨੇ ਅਹੁਦਾ ਸੰਭਾਲਿਆ। ਇਨ੍ਹਾਂ 3 ਮਹੀਨਿਆਂ 'ਚ ਹੁਸ਼ਿਆਰਪੁਰ ਦੀ ਇਸ ਹੁਸ਼ਿਆਰ ਧੀ ਨੇ ਹੁਣ ਤੱਕ ਇੰਨੀ ਛਾਪ ਛੱਡੀ ਹੈ, ਉਹ ਇੰਨੀ ਪਾਪੂਲਰ ਹੋ ਗਈ ਹੈ ਕਿ ਲੋਕ ਉਨ੍ਹਾਂ ਨੂੰ ਲੇਡੀ ਸਿੰਘਮ ਕਹਿਣ ਲੱਗੇ ਹਨ। ਇੰਸਪੈਕਟਰ ਰਾਜਵੀਰ ਕੌਰ ਨੇ 70 ਤੋਂ ਵੱਧ ਮੈਡਲ ਡਿਸਕਸ ਥ੍ਰੋ ਤੇ ਸ਼ਾਟਪੁੱਟ ਸਮੇਤ ਕਈ ਖੇਡਾਂ ਵਿਚ ਰਾਸ਼ਟਰੀ ਪੱਧਰ 'ਤੇ ਜਿੱਤੇ ਹਨ, ਜਿਨ੍ਹਾਂ 'ਚ 50 ਤੋਂ ਵੱਧ ਤਾਂ ਗੋਲਡ ਮੈਡਲ ਹੀ ਹੈ। ਥਾਣਾ ਵੂਮੈਨ ਸੈੱਲ 'ਚ ਜਿਥੇ ਉਹ ਬੇਟੀਆਂ ਦਾ ਘਰ ਵਸਾ ਰਹੀ ਹੈ, ਉਥੇ ਹੀ ਲੋਕਾਂ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਹਰ ਧੀ ਨੂੰ ਸਹੁਰੇ ਘਰ 'ਚ ਸੱਸ ਦਾ ਸੁਭਾਅ ਮਾਂ ਦੀ ਤਰ੍ਹਾਂ ਪਾਉਣਾ ਹੈ ਤਾਂ ਨੂੰਹਾਂ ਨੂੰ ਵੀ ਧੀ ਬਣਨਾ ਹੋਵੇਗਾ ਅਤੇ ਜੇਕਰ ਸੱਸ ਨੇ ਨੂੰਹ ਵਿਚ ਧੀ ਦੀ ਛਵੀ ਦੇਖਣੀ ਹੈ ਤਾਂ ਉਸ ਨੂੰ ਵੀ ਮਾਂ ਦਾ ਰੋਲ ਠੀਕ ਨਿਭਾਉਣਾ ਹੋਵੇਗਾ।
ਜਗ ਬਾਣੀ ਨਾਲ ਖਾਸ ਗੱਲਬਾਤ 'ਚ ਇੰਸਪੈਕਟਰ ਰਾਜਵੀਰ ਕੌਰ ਕਹਿੰਦੀ ਹੈ ਕਿ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਪ੍ਰੇਮਪੁਰ 'ਚ ਜਨਮ ਹੋਇਆ ਪਰ ਬਾਅਦ ਵਿਚ ਜਲੰਧਰ ਦੀ ਪੁਲਸ ਲਾਈਨ ਵਿਚ ਰਹਿਣ ਲੱਗੇ। ਪਿੰਡ ਆਉਣਾ-ਜਾਣਾ ਲੱਗਾ ਰਿਹਾ। ਇਸ ਦੌਰਾਨ ਮੈਂ ਖੇਤਾਂ ਵਿਚ ਕੰਮ ਕੀਤਾ। ਟਰੈਕਟਰ ਨਾਲ ਹੱਲ ਚਲਾਇਆ। ਬਸ ਇਕ ਹੀ ਧੁਨ ਮਨ 'ਚ ਸਵਾਰ ਸੀ ਕਿ ਆਪਣੀ ਪਛਾਣ ਬਣਾਉਣੀ ਹੈ। ਇਹੀ ਧੁਨ ਇੰਸਪੈਕਟਰ ਰਾਜਵੀਰ ਕੌਰ ਨੂੰ ਬਾਕੀ ਪੁਲਸ ਅਧਿਕਾਰੀਆਂ ਤੋਂ ਜਿਥੇ ਵੱਖ ਕਰਦੀ ਹੈ, ਉਥੇ ਹੀ ਇੰਸਪੈਕਟਰ ਰਾਜਵੀਰ ਕੌਰ ਦੇ ਥਾਣਾ ਵੂਮੈਨ ਸੈੱਲ ਦੀ ਕਮਾਨ ਸੰਭਾਲਣ ਤੋਂ ਬਾਅਦ ਰੋਜ਼ਾਨਾ 15 ਤੋਂ 20 ਮਾਮਲਿਆਂ ਦੀ ਕਾਊਂਸਲਿੰਗ ਕਰਦੀ ਹੈ। ਕਹਿੰਦੀ ਹੈ ਕਿ ਘਰ ਉਜੜਦੇ ਜੇਕਰ ਦੁਬਾਰਾ ਵਸ ਜਾਣ ਤਾਂ ਇਸ ਤੋਂ ਵੱਧ ਪੁੰਨ ਕੀ ਹੋਵੇਗਾ। ਖੁਸ਼ੀ ਹੈ ਕਿ ਕਾਨੂੰਨ ਦੀ ਰੱਖਿਆ ਕਰਦੀ ਹਾਂ ਅਤੇ ਇਨਸਾਫ ਨਾਲ ਚਿਹਰੇ ਖੁਸ਼ ਹੋ ਰਹੇ ਹਨ, ਬਸ ਇਹੀ ਦਿਲੀ ਇੱਛਾ ਹੈ।
ਦੇਸ਼ ਲਈ ਖੇਡੀ ਤਾਂ ਗੋਲਡਨ ਗਰਲ ਦੇ ਨਾਂ ਨਾਲ ਹੋਈ ਮਸ਼ਹੂਰ
ਪਿਤਾ ਸ. ਬੰਤਾ ਸਿੰਘ ਫੌਜ ਵਿਚ ਸਨ, ਜਦਕਿ ਮਾਂ ਅਮਰ ਕੌਰ ਘਰੇਲੂ। 1984 ਦੀ ਗੱਲ ਹੈ। ਮੇਰੇ ਮਾਮੇ ਦੇ ਮੁੰਡੇ ਦਿਲੀਪ ਸਿੰਘ ਨੇ ਮੇਰੀ ਖੇਡ ਨੂੰ ਦੇਖਦਿਆਂ ਮੈਨੂੰ ਪੁਲਸ ਵਿਚ ਭਰਤੀ ਹੋਣ ਲਈ ਕਿਹਾ। ਖੂਨ ਵਿਚ ਦੇਸ਼ਭਗਤੀ ਸੀ। ਮਾਂ ਤੋਂ ਆਸ਼ੀਰਵਾਦ ਲਿਆ ਅਤੇ ਪੁਲਸ ਵਿਚ ਭਰਤੀ ਹੋਣ ਦੀਆਂ ਤਿਆਰੀਆਂ 'ਚ ਜੁੱਟ ਗਈ। ਖੇਡ ਨਾਲ ਜੁੜੀ ਰਹੀ। ਕੋਚ ਬਖਸ਼ੀਸ਼ ਸਿੰਘ ਤੋਂ ਖੇਡ ਦੀਆਂ ਬਾਰੀਕੀਆਂ ਦੀ ਬਖਸ਼ਿਸ਼ ਲਈ ਤਾਂ ਕੋਚ ਰਾਮ ਪ੍ਰਤਾਪ ਦਾ ਪ੍ਰਤਾਪ ਰਿਹਾ। ਪੰਜਾਬ ਪੁਲਸ ਹੀ ਨਹੀਂ, ਦੇਸ਼ ਦੀਆਂ ਤਮਾਮ ਸੰਸਥਾਵਾਂ ਨੇ ਸਨਮਾਨ ਦਿੱਤਾ। ਗੇਮ ਵੈਸਟਰਨ ਮਾਸਟਰਸ ਤੋਂ ਅਜੇ ਵੀ ਰਾਸ਼ਟਰੀ ਪੱਧਰ 'ਤੇ ਪ੍ਰਤੀਨਿਧੀ ਕਰਦੀ ਹੈ। ਗੋਲਡਨ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ।
ਰਾਜ਼ ਦੀ ਗੱਲ ਹੈ, ਭਰਾ ਲਈ 'ਵੀਰ' ਬਣ ਗਈ ਇੰਸਪੈਕਟਰ
1985 'ਚ ਲੁਧਿਆਣਾ ਵਿਚ ਭਰਤੀ ਹੋਈ। 10 ਸਾਲਾਂ ਤੱਕ ਜਲੰਧਰ 'ਚ ਪੁਲਸ ਕੰਟਰੋਲ ਰੂਮ ਦੀ ਜ਼ਿੰਮੇਵਾਰੀ ਬਾਖੂਬੀ ਸਾਂਭੀ। ਨਕੋਦਰ ਵਿਚ ਵੂਮੈਨ ਸੈੱਲ ਦੀ ਇੰਚਾਰਜ ਰਹੀ ਤਾਂ ਫਗਵਾੜਾ 'ਚ 3 ਸਾਲ ਸੇਵਾਵਾਂ ਦਿੱਤੀਆਂ। 5 ਭੈਣਾਂ 'ਚ ਤੀਸਰੇ ਨੰਬਰ 'ਤੇ ਹੈ। ਇਕਲੌਤੇ ਭਰਾ ਨੂੰ ਸੱਟ ਲੱਗੀ ਤਾਂ ਉਹ ਮੰਜੇ ਤੋਂ ਨਹੀਂ ਉੱਠਿਆ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ 2 ਭੈਣਾਂ ਕੁਆਰੀਆਂ ਰਹਿ ਕੇ ਜਿਥੇ ਭਰਾ ਦੀ ਦੇਖਭਾਲ ਕਰ ਰਹੀਆਂ ਹਨ, ਉਥੇ ਹੀ ਇੰਸਪੈਕਟਰ ਰਾਜ ਆਪਣੇ ਵੀਰ ਲਈ ਆਪਣੇ ਤੋਂ ਵੱਧ ਸਮਾਂ ਉਸ 'ਤੇ ਖਰਚ ਕਰਦੀ ਹੈ। ਰਾਜ਼ ਦੀ ਗੱਲ ਹੈ ਕਿ ਭਰਾ ਲਈ 'ਵੀਰ' ਬਣ ਗਈ ਹੈ ਇੰਸਪੈਕਟਰ। ਕਹਿੰਦੀ ਹੈ ਕਿ ਮੇਰੇ ਵਿਆਹ 'ਚ ਪੁਲਸ ਦੇ ਕਈ ਅਧਿਕਾਰੀ ਮੈਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ, ਜਿਨ੍ਹਾਂ 'ਚ ਅੱਜ ਡੀ. ਜੀ. ਪੀ. ਅਤੇ ਆਈ. ਜੀ. ਪੱਧਰ 'ਤੇ ਪਹੁੰਚ ਚੁੱਕੇ ਹਨ।
ਮਾਂ ਬੋਲੀ- ਵਰਦੀ ਕਾਰਨ ਕਿਸੇ ਦੀਆਂ ਅੱਖਾਂ 'ਚ ਕਦੇ ਹੰਝੂ ਨਾ ਆਉਣ
- ਪੁਲਸ 'ਚ ਨੌਕਰੀ ਕਰਨ ਤੋਂ ਬਾਅਦ ਆਵਾਜ਼ ਕੜਕ ਹੋ ਜਾਂਦੀ ਹੈ।
- ਪਹਿਲਾਂ ਪੁਲਸ ਤੋਂ ਬੱਚੇ ਡਰਦੇ ਸਨ, ਹੁਣ ਬੱਚੇ ਪੁਲਸ ਨੂੰ ਡਰਾਉਂਦੇ ਹਨ।
- ਖਰੀਦਦਾਰੀ ਕਰਨ ਦਾ ਸਮਾਂ ਨਹੀਂ ਮਿਲਦਾ, ਕਿਚਨ ਸੰਭਾਲਣਾ ਚੰਗਾ ਲੱਗਦਾ ਹੈ।
- ਟੀ. ਵੀ. 'ਤੇ ਸਿਰਫ ਨਿਊਜ਼ ਜਾਂ ਧਾਰਮਿਕ ਚੈਨਲ ਦੇਖਦੀ ਹੈ।
- ਵਰਦੀ ਪਹਿਲੀ ਵਾਰ ਪਾਈ ਤਾਂ ਮਾਂ ਬੋਲੀ ਪੁੱਤਰ ਤੇਰੇ ਕਰ ਕੇ ਕਦੇ ਕਿਸੇ ਦੀਆਂ ਅੱਖਾਂ 'ਚ ਹੰਝੂ ਨਾ ਆਉਣ।
- ਹੰਝੂ ਵਹਾਉਣ ਵਾਲੇ ਨਕਲੀ ਵੀ ਹੁੰਦੇ ਹਨ, ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਝੂਠਾ ਕੌਣ ਅਤੇ ਸੱਚਾ ਕੌਣ।
- ਖਾਣ ਵਿਚ ਦਾਲ-ਫੁਲਕਾ ਮਿਲ ਜਾਵੇ ਵਾਹਿਗੁਰੂ ਦੀ ਕ੍ਰਿਪਾ ਨਾਲ, ਲੱਗਦਾ ਅੰਮ੍ਰਿਤਪਾਨ ਕੀਤਾ ਹੈ। ਹੱਥੋਂ ਇਨਸਾਫ ਹੀ ਹੋਵੇ।
ਮੋਬਾਇਲ ਅਤੇ ਟੀ. ਵੀ. ਸੀਰੀਅਲਾਂ ਨਾਲ ਟੁੱਟ ਰਹੇ ਹਨ ਰਿਸ਼ਤੇ
ਇੰਸਪੈਕਟਰ ਰਾਜਵੀਰ ਕੌਰ ਕਹਿੰਦੀ ਹੈ ਕਿ ਮੋਬਾਇਲ ਅਤੇ ਟੀ. ਵੀ. ਸੀਰੀਅਲਾਂ ਨਾਲ ਰਿਸ਼ਤੇ ਟੁੱਟ ਰਹੇ ਹਨ। ਲੋਕਾਂ 'ਚ ਸਹਿਣ ਸ਼ਕਤੀ ਹੁਣ ਨਹੀਂ ਰਹੀ। ਲਵ, ਅਫੇਅਰ ਵਰਗੇ ਸ਼ਬਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ। ਪਤੀ-ਪਤਨੀ ਵਿਚ ਅਣਬਣ ਦਾ ਮੁੱਖ ਕਾਰਨ ਵਿਸ਼ਵਾਸ ਨਾ ਹੋਣਾ ਹੈ। ਇਕ-ਦੂਜੇ ਪ੍ਰਤੀ ਸ਼ੱਕ ਦੀ ਬੁਨਿਆਦ ਤਲਾਕ ਦੀ ਨੀਂਹ ਰੱਖਦੀ ਹੈ। ਅਜਿਹੇ 'ਚ ਵਿਸ਼ਵਾਸ ਹੀ ਰਿਸ਼ਤਿਆਂ ਵਿਚ ਸਭ ਤੋਂ ਵੱਡਾ ਪੁਲ ਹੈ।
24 ਘੰਟੇ ਇੰਸਪੈਕਟਰ ਰਾਜਵੀਰ ਕੌਰ ਦੀ ਜਾਰੀ ਰਹਿੰਦੀ ਹੈ ਹੈਲਪਲਾਈਨ ਸਰਵਿਸ
ਇੰਸਪੈਕਟਰ ਰਾਜਵੀਰ ਕੌਰ ਦੀ ਹੈਲਪਲਾਈਨ ਸਰਵਿਸ 24 ਘੰਟੇ ਜਾਰੀ ਰਹਿੰਦੀ ਹੈ। ਕਹਿੰਦੀ ਹੈ ਕਿ ਅੱਧੀ ਰਾਤ ਤੇ ਕਦੇ ਸਵੇਰੇ 4 ਵਜੇ ਫੋਨ ਆ ਜਾਂਦਾ ਹੈ। ਫੋਨ 'ਤੇ ਔਰਤਾਂ ਉਤਪੀੜਨ ਦੀ ਸ਼ਿਕਾਇਤ ਕਰਦੀਆਂ ਹਨ। ਅਜਿਹੇ 'ਚ ਉਹ ਤੁਰੰਤ ਉਸ ਇਲਾਕੇ ਦੇ ਪੁਲਸ ਅਫਸਰ ਨੂੰ ਹੈਲਪ ਲਈ ਕਹਿੰਦੀ ਹੈ ਅਤੇ ਔਰਤ ਨੂੰ ਤੁਰੰਤ ਪੁਲਸ ਹੈਲਪ ਮਿਲ ਜਾਂਦੀ ਹੈ। ਕਈ ਵਾਰ ਦੂਜੇ ਸ਼ਹਿਰਾਂ ਅਤੇ ਰਾਜਾਂ ਤੋਂ ਵੀ ਉਨ੍ਹਾਂ ਨੂੰ ਫੋਨ ਆਉਂਦੇ ਹਨ।