ਅੰਮ੍ਰਿਤਸਰ : ਨਵਜੰਮੀ ਬੱਚੀ ਨੂੰ ਸੜਕ 'ਤੇ ਸੁੱਟ ਗਏ ਬੇਦਰਦ ਮਾਪੇ
Friday, Aug 16, 2019 - 05:10 PM (IST)

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਬੇਦਰਦ ਮਾਪਿਆਂ ਵਲੋਂ ਆਪਣੀ ਨਵਜੰਮੀ ਧੀ ਨੂੰ ਸੜਕ 'ਤੇ ਸੁੱਟ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੜਕ 'ਤੇ ਸੁੱਟੀ ਬੱਚੀ ਨੂੰ ਕੁਝ ਰਾਹਗੀਰਾਂ ਨੇ ਰੈੱਡ ਕਰਾਸ ਦੇ ਪੰਘੂੜੇ 'ਚ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਨੇ ਦੱਸਿਆ ਕਿ ਪੰਘੂੜੇ 'ਚ ਆਉਣ ਤੋਂ ਬਾਅਦ ਬੱਚੀ ਨੂੰ ਮੈਡੀਕਲ ਸਹਾਇਤਾ ਦਿਵਾਈ ਗਈ ਤੇ ਹੁਣ ਉਸਨੂੰ ਚਾਈਲਡ ਕੇਅਰ ਸੈਂਟਰ ਭੇਜ ਦਿੱਤਾ ਜਾਵੇਗਾ।
ਰੈੱਡ ਕਰਾਸ ਭਵਨ ਦੇ ਅਧਿਕਾਰੀ ਨੇ ਦੱਸਿਆ ਕਿ ਪੰਘੂੜਾ ਸਕੀਮ ਉਨ੍ਹਾਂ ਲੋਕਾਂ ਲਈ ਚਲਾਈ ਗਈ ਹੈ, ਜੋ ਕਿਸੇ ਕਾਰਨ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਤੇ ਸੜਕ ਕਿਨਾਰੇ ਸੁੱਟ ਕੇ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਬੱਚੀ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਤੇ ਇਲਾਜ ਤੋਂ ਬਾਅਦ ਉਸ ਨੂੰ ਸਰਕਾਰੀ ਸੰਸਥਾ ਭੇਜ ਦਿੱਤਾ ਗਿਆ।
ਦੱਸ ਦੇਈਏ ਕਿ ਹੁਣ ਤੱਕ 167 ਬੱਚੇ ਇਸ ਪੰਘੂੜੇ 'ਚ ਆ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬੱਚੇ ਲੜਕੀਆਂ ਹਨ, ਜੋ ਕਿਤੇ ਨਾ ਕਿਤੇ ਸਮਾਜ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ।