ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਦੁਬਈ ਵਾਲੇ ਸਰਦਾਰ ਦਾ ਇਕ ਹੋਰ ਵੱਡਾ ਐਲਾਨ

11/17/2019 11:50:31 AM

ਅੰਮ੍ਰਿਤਸਰ (ਕਮਲ) : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (ਪਾਕਿ) ਦੇ ਦਰਸ਼ਨਾਂ ਲਈ ਆਪਣੇ ਖਰਚੇ 'ਤੇ ਨਾ ਜਾ ਸਕਣ ਵਾਲੇ ਸ਼ਰਧਾਲੂਆਂ ਦਾ ਖਰਚ ਆਪਣੇ ਕੋਲੋਂ ਕਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਕਰਨ ਵਾਲੇ ਨਾਮਵਰ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਾਰੀ ਕਾਗਜ਼ੀ ਕਾਰਵਾਈ ਦੀ ਨਿਸ਼ਕਾਮ ਸੇਵਾ ਕਰਨ ਦਾ ਬੀੜਾ ਵੀ ਚੁੱਕ ਲਿਆ ਹੈ। ਇਸ ਸਬੰਧੀ ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਬਹੁਤ ਸਾਰੀਆਂ ਥਾਵਾਂ 'ਤੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਲਈ ਜਿਥੇ ਫਾਰਮ ਆਦਿ ਭਰਨ ਲਈ ਖੁੱਲ੍ਹ ਚੁੱਕੀਆਂ ਦੁਕਾਨਾਂ 'ਤੇ ਲੋੜ ਤੋਂ ਵੱਧ ਪੈਸੇ ਖਰਚ ਕਰਨੇ ਪੈ ਰਹੇ ਹਨ। ਉਥੇ ਹੀ ਜਾਣਕਾਰੀ ਦੀ ਘਾਟ ਕਾਰਣ ਉਨ੍ਹਾਂ ਦੀ ਬੇਲੋੜੀ ਖੱਜਲ-ਖੁਆਰੀ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਇਸ ਮੁਸ਼ਕਲ ਨੂੰ ਦੇਖਦਿਆਂ ਉਨ੍ਹਾਂ ਫੈਸਲਾ ਲਿਆ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 1 ਦਸੰਬਰ ਤੋਂ ਸੂਬੇ ਵਿਚਲੇ ਆਪਣੇ ਸਾਰੇ ਹੀ ਜ਼ਿਲਾ ਦਫ਼ਤਰਾਂ 'ਚ ਇਹ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਆਰੰਭਣ ਤੋਂ ਇਲਾਵਾ ਹਰ ਜ਼ਿਲੇ 'ਚ ਸ਼ਰਧਾਲੂਆਂ ਦੀ ਸਹੂਲਤ ਲਈ ਟਰੱਸਟ ਵੱਲੋਂ ਹਰੇਕ ਮਹੀਨੇ ਵੱਖ-ਵੱਖ ਥਾਵਾਂ 'ਤੇ 2 ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ।

ਉਨ੍ਹਾਂ ਦਰਸ਼ਨ ਕਰਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੱਸਟ ਵਲੋਂ ਦਿੱਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦਾ ਲਾਭ ਲੈਣ ਲਈ ਆਪਣੇ ਜ਼ਿਲਿਆਂ 'ਚ ਬਣੀਆਂ ਟਰੱਸਟ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦੇ ਹਨ।


Baljeet Kaur

Edited By Baljeet Kaur