ਸ਼੍ਰੋਮਣੀ ਕਮੇਟੀ ਚਾਹੇ ਤਾਂ ਜਲਦ ਖੁੱਲ੍ਹ ਸਕਦੈ ਕਰਤਾਰਪੁਰ ਲਾਂਘਾ : ਜ਼ੀਰਾ (ਵੀਡੀਓ)

Thursday, Feb 21, 2019 - 05:26 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕਰਤਾਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਭਾਰਤ 'ਚ ਜੱਦੋ-ਜਹਿਤ ਦਾ ਸਿਲਸਿਲਾ ਜਾਰੀ ਹੈ। ਇਸ ਮਾਮਲੇ ਸਬੰਧੀ ਅੱਜ ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ ਲਈ ਪੇਸ਼ ਆ ਰਹੀ ਜ਼ਮੀਨ ਐਕਵਾਇਰ ਦੀ ਸਮੱਸਿਆ ਨੂੰ ਹੱਲ ਕਰੇ ਤਾਂ ਜੋ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਲਾਂਘੇ ਲਈ ਜ਼ਮੀਨ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਕਰਤਾਰਪੁਰ ਲਾਂਘਾ ਜਲਦ ਖੁੱਲ੍ਹ ਸਕਦਾ ਹੈ। ਵਿਧਾਇਕ ਨੇ ਸਲਾਹ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੀ 600 ਏਕੜ ਜ਼ਮੀਨ ਕਿਸਾਨਾਂ ਨਾਲ ਵਟਾ ਲਵੇ ਤਾਂ ਲਾਂਘੇ ਲਈ ਜ਼ਮੀਨ ਮਿਲ ਸਕਦੀ ਹੈ ਤਾਂ ਜੋ ਕਰਤਾਰਪੁਰ ਲਾਂਘਾ ਜਲਦ ਖੁੱਲ੍ਹ ਸਕੇ।

ਉਨ੍ਹਾਂ ਕਿਹਾ ਕਿ ਮਾਰਚ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਡ ਆਫ ਕੰਡਕਟ ਲੱਗਣ ਜਾ ਰਿਹਾ ਹੈ, ਇਸ ਲਈ ਲੱਗਦਾ ਹੈ ਕਿ ਮੋਦੀ ਸਰਕਾਰ ਕਰਤਾਰਪੁਰ ਸਾਹਿਬ ਦਾ ਰਸਤਾ ਨਹੀਂ ਖੋਲ੍ਹਣਾ ਚਾਹੁੰਦੀ। ਪੰਜਾਬ 'ਚ ਕਾਂਗਰਸ ਸਰਕਾਰ ਹੈ, ਜੋ ਖੁਦ ਜਾਂ ਇਸ ਦੇ ਵਿਧਾਇਕ ਇਹ ਜ਼ਮੀਨ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੈਪਟਨ ਨੂੰ ਮਿਲਣਗੇ ਤੇ ਹਰ ਸਿੱਖ ਦੀ ਅਰਦਾਸ ਹੈ ਕਿ ਰਸਤਾ ਖੁੱਲ੍ਹੇ। ਜ਼ੀਰਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਨਾ ਦਿੰਦਿਆਂ ਕਿਹਾ ਕਿ ਬਾਕੀ ਗੱਲਾਂ ਫਿਰ ਕਿਸੇ ਦਿਨ ਕਰਾਂਗੇ, ਅਜੇ ਸਿਰਫ ਕਰਤਾਰਪੁਰ ਸਾਹਿਬ ਬਾਰੇ ਹੀ ਗੱਲ ਹੋਵੇਗੀ।  ਇਸ ਮੌਕੇ ਕਾਂਗਰਸੀ ਸਰਪੰਚ ਤੇ ਸੌਰਭ ਮਦਾਨ ਮਿੱਠੂ ਆਦਿ ਮੌਜੂਦ ਸਨ।


author

Baljeet Kaur

Content Editor

Related News