ਸਾਂਝੀ ਸਟੇਜ ਲੱਗਣ ਬਾਰੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਸਿਰਸਾ ਬਾਰੇ ਵੀ ਦਿੱਤਾ ਵੱਡਾ ਬਿਆਨ
Monday, Oct 14, 2019 - 07:48 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਕਿ ਚਰਜੀਤ ਸਿੰਘ ਚੰਨੀ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ ਤੱਕ ਉਹ ਅਕਾਲ ਤਖਤ ਸਾਹਿਬ 'ਤੇ ਹਨ ਜਦੋਂ ਮਰਜ਼ੀ ਸੰਪਰਕ ਕਰ ਲਿਆ ਜਾਵੇ। ਉਹ ਗੱਲ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਸਾਂਝੀ ਸਟੇਜ ਲਾਉਣ ਦਾ ਮਾਮਲਾ ਅਜੇ ਤੱਕ ਖਤਮ ਨਹੀਂ ਹੋਇਆ ਹੈ ਤੇ ਉਮੀਦ ਹੈ ਕਿ ਸਟੇਜ ਇੱਕ ਹੀ ਲੱਗੇਗੀ।
ਇਸ ਦੌਰਾਨ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਵਾਇਰਲ ਫੋਟੋ , ਜਿਸ 'ਚ ਉਹ ਜੋੜੇ ਪਾ ਕੇ ਕੀਰਤਨ ਸੁਣ ਰਹੇ ਹਨ, 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਹੈ ਤੇ ਇਸ 'ਤੇ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ 'ਚ ਗਲਤ ਪਾਇਆ ਗਿਆ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ।