ਅਪਰਾਧਿਕ ਅਖਾੜੇ ਬਣਦੇ ਜਾ ਰਹੇ ਨੇ ਕੇਂਦਰੀ ਸੁਧਾਰ ਘਰ

02/03/2020 11:05:57 AM

ਅੰਮ੍ਰਿਤਸਰ (ਅਰੁਣ) : ਸੁਧਾਰ ਘਰ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਕੇਂਦਰੀ ਜੇਲਾਂ ਦੀ ਅੰਦਰੂਨੀ ਸੁਰੱਖਿਆ ਕਾਗਜ਼ੀ ਦਾਅਵਿਆਂ ਦੀ ਮਿਸਾਲ ਬਣਦੀਆਂ ਜਾ ਰਹੀਆਂ ਹਨ। ਹਰ ਨਵੇਂ ਦਿਨ ਜੇਲਾਂ 'ਚੋਂ ਮਿਲਣ ਵਾਲੇ ਇਤਰਾਜ਼ਯੋਗ ਪਦਾਰਥ ਅਖਬਾਰਾਂ/ਚੈਨਲਾਂ ਦੀਆਂ ਸੁਰਖੀਆਂ ਬਣਦੇ ਨਜ਼ਰ ਆ ਰਹੇ ਹਨ, ਹਾਲਾਂਕਿ ਕੁਝ ਮਹੀਨੇ ਪਹਿਲਾਂ ਕੇਂਦਰੀ ਜੇਲ ਫਤਾਹਪੁਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਦਾਅਵਾ ਕਰਦਿਆਂ ਸੀ. ਆਈ. ਐੱਸ. ਐੱਫ. ਕੇਂਦਰੀ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਗਏ ਸਨ ਪਰ ਇਸ ਸਭ ਦੇ ਬਾਵਜੂਦ ਜੇਲ 'ਚ ਬੰਦ ਗੈਂਗਸਟਰਾਂ, ਵੱਡੇ ਅਪਰਾਧੀਆਂ ਅਤੇ ਉਨ੍ਹਾਂ ਦੇ ਗੁਰਗਿਆਂ ਦਾ ਨੈੱਟਵਰਕ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਭਾਰੂ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਬੀਤੇ ਦੇਰ ਰਾਤ ਸੰਘਣੀ ਧੁੰਦ ਦੀ ਬੁੱਕਲ ਦਾ ਲਾਹਾ ਲੈਂਦਿਆ ਇਨ੍ਹਾਂ ਸ਼ਾਤਿਰ ਦਿਮਾਗ ਹਵਾਲਾਤੀਆਂ ਨੇ ਜੇਲ ਬ੍ਰੇਕ ਕਾਂਡ ਨੂੰ ਨਿਸ਼ਾਨਾ ਬਣਾਇਆ।

PunjabKesari

ਬੈਰਕ ਦੀਆਂ 10 ਇੱਟਾਂ ਪੁੱਟ ਕੇ ਬਣਾਇਆ ਰਸਤਾ
ਮਿਲੇ ਵੇਰਵਿਆਂ ਮੁਤਾਬਕ ਪਹਿਲਾਂ ਤੋਂ ਹੀ ਜੇਲ ਬ੍ਰੇਕ ਕਾਂਡ ਦੀ ਵਿਉਂਤਬੰਦੀ ਬਣਾਈ ਬੈਠੇ 3 ਹਵਾਲਾਤੀਆਂ ਵੱਲੋਂ ਕਰੀਬ ਡੇਢ ਫੁੱਟ ਲੋਹੇ ਦੇ ਸਰੀਏ ਦੀ ਮਦਦ ਨਾਲ ਬੈਰਕ ਦੀ ਕੰਧ ਦੀਆਂ 10 ਇੱਟਾਂ ਪੁੱਟ ਕੇ ਬਾਹਰ ਜਾਣ ਦਾ ਰਸਤਾ ਬਣਾਇਆ ਗਿਆ ਅਤੇ ਕੰਡਿਆਲੀ ਤਾਰ ਨਾਲ ਲੈਸ 2 ਉੱਚੀਆਂ ਦੀਵਾਰਾਂ ਨੂੰ ਕੰਬਲ ਤੇ ਰਜਾਈ ਦੇ ਗਿਲਾਫ ਨਾਲ ਬਣਾਈ ਰੱਸੀ ਸਹਾਰੇ ਟੱਪਿਆ ਗਿਆ।

PunjabKesari

ਟਾਵਰ ਨੰ. 10 'ਤੇ ਤਾਇਨਾਤ ਸੀ ਹੋਮਗਾਰਡ ਜਵਾਨ ਕਸ਼ਮੀਰ ਸਿੰਘ
ਦੇਰ ਰਾਤ ਜੇਲ ਬ੍ਰੇਕ ਕਾਂਡ ਨੂੰ ਹਵਾਲਾਤੀਆਂ ਵੱਲੋਂ ਅੰਜਾਮ ਦੇਣ ਮੌਕੇ ਟਾਵਰ ਨੰ. 10 ਜਿਥੇ ਪੰਜਾਬ ਹੋਮਗਾਰਡ ਦਾ ਜਵਾਨ ਕਸ਼ਮੀਰ ਸਿੰਘ ਮੌਜੂਦ ਸੀ, ਸਮੇਤ ਹੋਰ ਜੇਲ ਮੁਲਾਜ਼ਮਾਂ ਦੀ ਅਣਗਹਿਲੀ ਨਾਲ ਇਹ ਹਵਾਲਾਤੀ ਆਪਣੇ ਮਕਸਦ ਨਾਲ ਕਾਮਯਾਬ ਹੋ ਗਏ।

ਚੋਰ ਭਰਾਵਾਂ ਨੇ ਦਿਖਾਈ ਚਤੁਰਾਈ
ਥਾਣਾ ਬੀ-ਡਵੀਜ਼ਨ ਵਿਖੇ ਦਰਜ ਮਾਮਲਾ ਨੰ. 165/18 ਜੁਰਮ 399-402, 379 ਬੀ-395 ਤਹਿਤ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਡੂਰ ਸਾਹਿਬ ਅਤੇ ਉਸ ਦਾ ਭਰਾ ਜਰਨੈਲ ਸਿੰਘ ਮਾਮਲਾ ਨੰਬਰ 41/19 ਨੂੰ ਗ੍ਰਿਫਤਾਰ ਕਰਨ ਮਗਰੋਂ 8 ਜੁਲਾਈ 2019 ਤੋਂ ਜੇਲ 'ਚ ਬੰਦ ਸਨ ਅਤੇ ਕੇਂਦਰੀ ਜੇਲ ਫਤਾਹਪੁਰ 'ਚ ਅੰਡਰ-ਟਰਾਇਲ ਹਵਾਲਾਤੀਆਂ ਵੱਲੋਂ ਜੇਲ ਪ੍ਰਸ਼ਾਸਨ ਦੇ ਸਾਰੇ ਸੁਰੱਖਿਆ ਪ੍ਰਬੰਧਾ ਨੂੰ ਠੇਂਗਾ ਦਿਖਾਉਂਦਿਆਂ ਆਪਣੇ ਤੀਸਰੇ ਸਾਥੀ ਵਿਸ਼ਾਲ ਸ਼ਰਮਾ ਦੀ ਮਦਦ ਨਾਲ ਆਪਣਾ ਮਕਸਦ ਨੇਪਰੇ ਚਾੜ੍ਹਿਆ ਗਿਆ।

ਗੌਰਵ ਸ਼ਰਮਾ ਨੇ ਜੇਲ ਬ੍ਰੇਕ ਕਾਂਡ 'ਚ ਨਹੀਂ ਦਿੱਤਾ ਸਾਥ
ਵਿਸ਼ਾਲ ਸ਼ਰਮਾ ਦੇ ਭਰਾ ਗੌਰਵ ਸ਼ਰਮਾ ਜੋ ਕਿ ਜਬਰ-ਜ਼ਨਾਹ ਮਾਮਲੇ 'ਚ ਭਰਾ ਦੇ ਨਾਲ ਹੀ ਜੇਲ 'ਚ ਬੰਦ ਸੀ, ਨੇ ਇਸ ਜੇਲ ਬ੍ਰੇਕ ਕਾਂਡ 'ਚ ਆਪਣੇ ਭਰਾ ਦਾ ਸਾਥ ਨਹੀਂ ਦਿੱਤਾ।

ਸੀ. ਸੀ. ਟੀ. ਵੀ. ਕਵਰੇਜ 'ਚ ਨਹੀਂ ਆਉਂਦਾ ਟਾਵਰ ਨੰ. 10
ਵਿਭਾਗੀ ਸੂਤਰਾਂ ਮੁਤਾਬਕ ਕੇਂਦਰੀ ਜੇਲ ਫਤਾਹਪੁਰ ਦਾ ਟਾਵਰ ਨੰ. 10 ਜੋ ਸੀ. ਸੀ. ਟੀ. ਵੀ. ਕਵਰੇਜ ਤੋਂ ਥੋੜ੍ਹਾ ਬਾਹਰ ਦੱਸਿਆ ਜਾਂਦਾ ਹੈ, ਬਾਰੇ ਜਾਣਕਾਰੀ ਰੱਖਦਿਆਂ ਇਨ੍ਹਾਂ ਹਵਾਲਾਤੀਆਂ ਵੱਲੋਂ ਇਸ ਟਾਵਰ ਨੂੰ ਹੀ ਆਪਣਾ ਬ੍ਰੇਕ ਕਾਂਡ ਦਾ ਮੀਲ ਪੱਥਰ ਚੁਣਿਆ ਗਿਆ।

ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਵੱਲੋਂ ਜੇਲ ਦਾ ਦੌਰਾ
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਐੱਸ. ਡੀ. ਐੱਮ. ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੇਲ ਬ੍ਰੇਕ ਕਾਂਡ ਮਗਰੋਂ ਕੇਂਦਰੀ ਜੇਲ ਫਤਾਹਪੁਰ ਦਾ ਦੌਰਾ ਕੀਤਾ।

ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਹਾਈ ਅਲਰਟ
ਜੇਲ ਬ੍ਰੇਕ ਕਾਂਡ ਦੀ ਵਾਪਰੀ ਇਸ ਘਟਨਾ ਮਗਰੋਂ ਜੇਲ ਅਤੇ ਪੁਲਸ ਪ੍ਰਸ਼ਾਸਨ ਨੇ ਤੁਰੰਤ ਹਰਕਤ 'ਚ ਆਉਂਦਿਆਂ ਹਾਈ ਅਲਰਟ ਜਾਰੀ ਕਰ ਕੇ ਫਰਾਰ ਹੋਏ ਇਨ੍ਹਾਂ ਹਵਾਲਾਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜੇਲ ਬਣਾਉਣ ਵਾਲੇ ਠੇਕੇਦਾਰ ਕੋਲੋਂ ਵੀ ਹੋਵੇਗੀ ਜਾਂਚ
ਏ. ਡੀ. ਜੀ. ਪੀ. ਜੇਲ ਪ੍ਰਵੀਨ ਕੁਮਾਰ ਸਿਨਹਾ ਨੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਹਵਾਲਾਤੀਆਂ ਵੱਲੋਂ ਤੋੜੀ ਗਈ ਬੈਰਕ ਦੀ ਕੰਧ ਸਬੰਧੀ ਜੇਲ ਤਿਆਰ ਕਰਵਾਉਣ ਵਾਲੇ ਠੇਕੇਦਾਰ ਨੂੰ ਵੀ ਵਿਭਾਗ ਵੱਲੋਂ ਜਾਂਚ ਦੇ ਘੇਰੇ 'ਚ ਲਿਆਂਦਾ ਜਾ ਸਕਦਾ ਹੈ।

ਮੁਲਾਕਾਤੀਆਂ ਦੇ ਘਰਾਂ 'ਚ ਵੀ ਪੁਲਸ ਦੇਵੇਗੀ ਦਸਤਕ
ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿਨਹਾ ਅਤੇ ਕਮਿਸ਼ਨਰ ਪੁਲਸ ਡਾ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਲ 'ਚੋਂ ਫਰਾਰ ਹੋਏ ਇਨ੍ਹਾਂ ਅੰਡਰ-ਟਰਾਇਲ ਹਵਾਲਾਤੀਆਂ ਨਾਲ ਪਿਛਲੇ ਸਮੇਂ ਤੋਂ ਮੁਲਾਕਾਤ ਕਰਨ ਵਾਲੇ ਸਾਰੇ ਮੁਲਾਕਾਤੀਆਂ ਦੇ ਘਰਾਂ 'ਚ ਵੀ ਪੁਲਸ ਦੀ ਰੇਡ ਕੀਤੀ ਜਾਵੇਗੀ।

ਮੇਨ ਗੇਟ ਦੇ ਗਾਰਡਾਂ ਕੋਲੋਂ ਪੁਲਸ ਦੀ ਪੁੱਛਗਿੱਛ
ਜੇਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਮਗਰੋਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਂਦਰੀ ਜੇਲ ਫਤਾਹਪੁਰ ਦੇ ਮੇਨ ਗੇਟ 'ਤੇ ਮੌਜੂਦ ਗਾਰਡ ਅਤੇ ਹੋਰ ਕਰਮਚਾਰੀਆਂ ਨੂੰ ਵੀ ਜਾਂਚ ਦੇ ਘੇਰੇ 'ਚ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਫਰਾਰ ਹੋਏ ਇਨ੍ਹਾਂ ਹਵਾਲਾਤੀਆਂ ਨਾਲ ਜੁੜੇ ਹਰ ਸ਼ੱਕੀ ਟਿਕਾਣੇ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ।

ਕੁਝ ਸੁਲਗਦੇ ਸਵਾਲ

  • ਜੇਲ ਬ੍ਰੇਕ ਦੀ ਵਿਉਂਤਬੰਦੀ 'ਚ ਕਿਹੜੀਆਂ ਵਿਭਾਗੀ ਕਾਲੀਆਂ ਭੇਡਾਂ ਸ਼ਾਮਿਲ?
  • 10 ਨੰਬਰ ਟਾਵਰ 'ਤੇ ਤਾਇਨਾਤ ਹੋਮਗਾਰਡ ਦਾ ਜਵਾਨ ਕੀ ਡਿਊਟੀ 'ਤੇ ਨਹੀਂ ਸੀ ਮੌਜੂਦ?
  • ਕੀ ਇਹ ਕਿਸੇ ਵੱਡੇ ਅਪਰਾਧੀ ਜਾਂ ਗੈਂਗਸਟਰ ਦੇ ਇਸ਼ਾਰੇ 'ਤੇ ਨਹੀਂ ਸੀ ਕੋਈ ਪਹਿਲਾ ਟਰਾਇਲ?
  • ਕੀ ਰਾਤ 12 ਵਜੇ ਤੋਂ ਬਾਅਦ ਪੂਰੀ ਤਰ੍ਹਾਂ ਚੌਕਸ ਨਹੀਂ ਰਹਿੰਦਾ ਜੇਲ ਪ੍ਰਸ਼ਾਸਨ?
  • ਹੋਰ ਅਧਿਕਾਰੀਆਂ ਦਾ ਵੀ ਮਨੋਬਲ ਤਾਂ ਪ੍ਰਭਾਵਿਤ ਨਹੀਂ ਕਰੇਗਾ ਇਹ ਜੇਲ ਬ੍ਰੇਕ ਕਾਂਡ?
  • ਆਏ ਦਿਨ ਆਖਿਰ ਕਿਹੜੇ ਸੁਰੱਖਿਆ ਪ੍ਰਬੰਧਾਂ ਦੇ ਯਕੀਨੀ ਹੋਣ ਦਾ ਢੋਲ ਪਿੱਟ ਰਿਹਾ ਹੈ ਜੇਲ ਪ੍ਰਸ਼ਾਸਨ?
  • ਕੇਂਦਰੀ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਮਗਰੋਂ ਵੀ ਜੇਲ ਦੀ ਸੁਰੱਖਿਆ ਦਾ ਘੇਰਾ ਵੀ ਨਹੀਂ ਵਧਿਆ?
  • ਆਖਿਰ ਕਿਹੜੇ ਗੁਪਤ ਲਾਂਘੇ ਰਾਹੀਂ ਜੇਲ 'ਚ ਪੁੱਜਦੀ ਹੈ ਇਤਰਾਜ਼ਯੋਗ ਸਮੱਗਰੀ?

cherry

Content Editor

Related News