ਕੇਂਦਰ ਚਲਾਵੇ ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਤੱਕ ਟਰੇਨ : ਭਾਈ ਲੌਂਗੋਵਾਲ

Saturday, Dec 08, 2018 - 09:43 AM (IST)

ਕੇਂਦਰ ਚਲਾਵੇ ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਤੱਕ ਟਰੇਨ : ਭਾਈ ਲੌਂਗੋਵਾਲ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਨੂੰ ਹੋਰ ਸਰਗਰਮ ਕਰਨ ਲਈ ਮੁੜ ਵਿਉਂਤਬੰਦੀ ਕੀਤੀ ਗਈ। ਇਸ ਤੋਂ ਇਲਾਵਾ ਇਕੱਤਰਤਾ 'ਚ ਇਕ ਵਿਸ਼ੇਸ਼ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਗਨਨਾਥ ਪੁਰੀ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਸਥਾਨਾਂ ਨੂੰ ਜੋੜਦੀ ਵਿਸ਼ੇਸ਼ ਟਰੇਨ ਚਲਾਉਣ ਦੀ ਵੀ ਮੰਗ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਇਸ ਇਕੱਤਰਤਾ ਦੇ ਫੈਸਲਿਆਂ ਬਾਰੇ ਭਾਈ ਲੌਂਗੋਵਾਲ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਪ੍ਰੋਗਰਾਮ ਕਮੇਟੀ ਬਣਾਈ ਜਾਵੇਗੀ ਤਾਂ ਜੋ ਨਵੰਬਰ 2019 ਤੱਕ ਚਲਾਏ ਜਾਣ ਵਾਲੇ ਸਾਰੇ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।  ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਇਕ ਵਿਸ਼ਾਲ ਨਗਰ ਕੀਰਤਨ ਕੱਢਣ ਦਾ ਫੈਸਲਾ ਵੀ ਕੀਤਾ ਗਿਆ ਹੈ, ਜੋ ਰੋਜ਼ਾਨਾ ਇਕ ਹਲਕੇ ਨੂੰ ਕਵਰ ਕਰੇਗਾ। ਇਸ ਸਬੰਧੀ ਇਕ ਕੇਂਦਰੀ ਕਮੇਟੀ ਅਤੇ ਜ਼ਿਲਾਵਾਰ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ। ਇਹ ਨਗਰ ਕੀਰਤਨ 13 ਜਨਵਰੀ 2019 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋਵੇਗਾ। ਭਾਈ ਲੌਂਗੋਵਾਲ ਅਨੁਸਾਰ ਧਰਮ ਪ੍ਰਚਾਰ ਲਹਿਰ ਤਹਿਤ ਹਰ ਹਲਕੇ ਵਿਚ ਮਹੀਨਾਵਾਰ ਵੱਡੇ ਗੁਰਮਤਿ ਸਮਾਗਮ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਾਲੇ ਅਸਥਾਨ ਨੂੰ ਕੇਂਦਰ ਮੰਨ ਕੇ ਪਹਿਲਾਂ ਆਲੇ-ਦੁਆਲੇ ਦੇ ਪਿੰਡਾਂ 'ਚ ਮਹੀਨਾ ਭਰ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ ਤਾਂ ਜੋ ਵੱਡੇ ਸਮਾਗਮ 'ਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਜਾ ਸਕੇ। ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤੇ ਜਾਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਨੂੰ ਹੋਰ ਕਾਰਗਰ ਬਣਾਉਣ ਲਈ ਪ੍ਰਾਜੈਕਟਰ ਵਿਧੀ ਅਪਣਾਈ ਜਾਵੇਗੀ ਅਤੇ ਇਸ ਅਧੀਨ ਧਰਮ ਪ੍ਰਚਾਰਕਾਂ ਨੂੰ ਹਰ ਜ਼ਿਲੇ ਵਿਚ ਇਕ ਪ੍ਰਾਜੈਕਟਰ ਸਿਸਟਮ ਦਿੱਤਾ ਜਾਵੇਗਾ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰ-ਅਸਥਾਨਾਂ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵਿਸ਼ੇਸ਼ ਡਾਕੂਮੈਂਟਰੀਆਂ ਤਿਆਰ ਕੀਤੀਆਂ ਜਾਣਗੀਆਂ, ਇਸ ਲਈ ਮਾਹਿਰਾਂ ਦੀ ਮਦਦ ਵੀ ਲਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਧਰਮ ਪ੍ਰਚਾਰ ਕਾਰਜਾਂ ਲਈ ਵਿਸ਼ੇਸ਼ ਨਾਟਕ ਟੀਮਾਂ ਦਾ ਵੀ ਸਹਾਰਾ ਲਿਆ ਜਾਵੇਗਾ।

16 ਤੇ 17 ਫਰਵਰੀ 2019 ਨੂੰ ਕਰਵਾਏ ਜਾਣਗੇ ਵਿਸ਼ਾਲ ਪ੍ਰਸ਼ਨੋਤਰੀ ਮੁਕਾਬਲੇ-ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਪ੍ਰਸ਼ਨੋਤਰੀ ਮੁਕਾਬਲੇ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਮੁਕਾਬਲੇ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ ਜੰਮੂ ਦੇ ਸਹਿਯੋਗ ਨਾਲ 'ਕੌਣ ਬਣੇਗਾ ਗੁਰਸਿੱਖ ਪਿਆਰਾ' ਦੇ ਟਾਈਟਲ ਹੇਠ ਕਰਵਾਏ ਜਾਣਗੇ, ਜਿਸ ਵਿਚ ਪੂਰੇ ਭਾਰਤ ਤੋਂ ਚੁਣੇ ਹੋਏ ਵਿਦਿਆਰਥੀ ਸ਼ਾਮਿਲ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਦਾ ਫਾਈਨਲ ਮੁਕਾਬਲਾ ਸ਼੍ਰੋਮਣੀ ਕਮੇਟੀ ਵੱਲੋਂ 16 ਤੇ 17 ਫਰਵਰੀ 2019 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ 'ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ,  ਸੁਖਵਰਸ਼ ਸਿੰਘ ਪੰਨੂ,  ਰਾਮਪਾਲ ਸਿੰਘ ਬਹਿਣੀਵਾਲ,  ਤੇਜਿੰਦਰਪਾਲ ਸਿੰਘ ਢਿੱਲੋਂ,  ਮਨਜੀਤ ਸਿੰਘ ਬੱਪੀਆਣਾ,  ਦਰਸ਼ਨ ਸਿੰਘ ਲੌਂਗੋਵਾਲ ਪੀ. ਏ. ਤੇ ਹੋਰ ਮੌਜੂਦ ਸਨ।


author

Baljeet Kaur

Content Editor

Related News