ਅੰਮ੍ਰਿਤਸਰ ਹਿੱਸਾ ਹੈ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦਾ : ਸਿੰਗਲਾ

Tuesday, Apr 28, 2020 - 12:58 AM (IST)

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੋਮਵਾਰ ਨੂੰ ਭਰੋਸਾ ਦਿੱਤਾ ਕਿ ਅੰਮ੍ਰਿਤਸਰ, ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦਾ ਹਿੱਸਾ ਹੈ, ਜਿਸ ਤਹਿਤ ਕਰਤਾਰਪੁਰ ਵਿਖੇ ਇਕ ਹਿੱਸਾ ਐਕਸਪ੍ਰੈਸ ਵੇਅ ਨੂੰ ਕਰਤਾਰਪੁਰ-ਅੰਮ੍ਰਿਤਸਰ ਭਾਗ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਇਸ ਸੈਕਸ਼ਨ ਨੂੰ ਮੌਜੂਦਾ ਅਲਾਈਨਮੈਂਟ ਦੇ ਨਾਲ ਹੀ 6-ਲੇਨ ਐਕਸੈਸ ਕੰਟਰੋਲਡ ਐਕਸਪ੍ਰੈੱਸ ਵੇਅ ਦੇ ਤੌਰ ’ਤੇ ਵਿਕਸਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਵਲੋਂ ਪ੍ਰਵਾਨਿਤ ਇਹ ਅਲਾਈਨਮੈਂਟ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਦੇ ਸ਼ਹਿਰਾਂ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਨਾਲ-ਨਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਜੰਮੂ ਕਸ਼ਮੀਰ ਨਾਲ ਜੋੜਨ ਲਈ ਸਭ ਤੋਂ ਛੋਟਾ ਅਤੇ ਸਿੱਧਾ ਸੰਪਰਕ ਪ੍ਰਦਾਨ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਐੱਨਐੱਚਏਆਈ ਦੇ ਨੁਮਾਇੰਦਿਆਂ ਦਰਮਿਆਨ ਹੋਈਆਂ ਕਈ ਮੀਟਿੰਗਾਂ ਤੋਂ ਬਾਅਦ ਇਸ ਅਲਾਈਨਮੈਂਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ’ਚ ਤਾਲਾਬੰਦੀ ਦੇ ਬਾਵਜੂਦ ਇਸ ਪ੍ਰਾਜੈਕਟ ਦਾ ਕੰਮ ਵਿਕਾਸ ਅਧੀਨ ਹੈ। ਇਸ ਸਬੰਧ ’ਚ ਜ਼ਿਲਾ ਪਟਿਆਲਾ ਅਤੇ ਸੰਗਰੂਰ ’ਚ ਮਾਲ ਰਿਕਾਰਡ ਦੀ ਤਸਦੀਕ ਹੋ ਚੁੱਕੀ ਹੈ ਅਤੇ ਨੈਸ਼ਨਲ ਹਾਈਵੇਅਜ਼ ਐਕਟ ਦੀ ਧਾਰਾ 3ਏ ਤਹਿਤ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸਿੰਗਲਾ ਨੇ ਕਿਹਾ ਕਿ ਚਿਰਾਂ ਤੋਂ ਉਡੀਕੇ ਜਾ ਰਹੇ ਇਸ ਪ੍ਰਾਜੈਕਟ ਰਾਹੀਂ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਅਤੇ ਖੇਤੀ ਬਾਜ਼ਾਰਾਂ ਨੂੰ ਬਾਕੀ ਦੇਸ਼ ਨਾਲ ਜੁੜਣ ਦਾ ਮੌਕਾ ਹਾਸਲ ਹੋਵੇਗਾ, ਜਿਸ ਨਾਲ ਸੂਬੇ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਐੱਨ. ਐੱਚ. ਏ. ਆਈ. ਨੇ ਮੌਜੂਦਾ ਵਿੱਤੀ ਸਾਲ 2020-21 ਦੌਰਾਨ ਨਿਰਮਾਣ ਕਾਰਜਾਂ ਨੂੰ ਵੰਡਣ ਦਾ ਟੀਚਾ ਰੱਖਿਆ ਹੈ ਅਤੇ ਇਹ ਟੀਚਾ 2023-24 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਅੰਮ੍ਰਿਤਸਰ ਮਾਤਾ-ਵੈਸ਼ਨੋ ਦੇਵੀ ਅਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨਾਂ ਨੂੰ ਜੋੜਨ ਵਾਲੇ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦਾ ਅਟੁੱਟ ਅੰਗ ਹੈ।


Bharat Thapa

Content Editor

Related News