ਅੰਮ੍ਰਿਤਸਰ ’ਚ ਕੋਰੋਨਾ ਦੇ ਮਰੀਜ਼ਾਂ ਦਾ ਜ਼ਬਰਦਸਤ ਹੰਗਾਮਾ, ਭੁੱਖ ਹੜਤਾਲ ਕੀਤੀ ਸ਼ੁਰੂ
Saturday, May 09, 2020 - 09:12 PM (IST)
ਅੰਮ੍ਰਿਤਸਰ,(ਦਲਜੀਤ ਸ਼ਰਮਾ) : ਗੁਰੂ ਨਾਨਕ ਦੇਵ ਹਸਪਤਾਲ ਦੇ ਕਾਰਡਿਓ ਥ੍ਰੈਸਿਸ ਵਾਰਡ ’ਚ ਰੱਖੇ ਗਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਅੱਜ ਖੂਬ ਹੰਗਾਮਾ ਕੀਤਾ। ਘਰ ਜਾਣ ਦੀ ਜਿੱਦ ’ਤੇ ਅੜੇ ਰਹੇ ਇਨ੍ਹਾਂ ਮਰੀਜ਼ਾਂ ਨੇ ਭੋਜਨ ਖਾਣ ਤੋਂ ਵੀ ਮਨਾ ਕਰਦੇ ਹੋਏ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਉਚ ਅਧਿਕਾਰੀਆਂ ਵਲੋਂ ਮਨਾਉਣ ’ਤੇ ਵੀ ਇਹ ਮਰੀਜ਼ ਬਿਲਕੁਲ ਵੀ ਸੁਣਨ ਨੂੰ ਤਿਆਰ ਨਹੀਂ ਹਨ। ਫਿਲਹਾਲ ਹਸਪਤਾਲ ਪ੍ਰਸ਼ਾਸਨ ਵਲੋਂ ਵਾਰਡ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਕਾਰਡਿਓ ਥੈ੍ਰਸਿਸ ਵਾਰਡ ’ਚ 23 ਕੋਰੋਨਾ ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਜਿਨ੍ਹਾਂ ’ਚ ਕੋਰੋਨਾ ਸੰਬੰਧੀ ਕੋਈ ਵੀ ਲੱਛਣ ਨਹੀਂ ਹੈ ਪਰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਵਾਰਡ ਦੇ ਇੰਚਾਰਜ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਨਿਰਦੇਸ਼ਾਂ ਤਹਿਤ ਵਾਰਡ ’ਚ ਮੌਜੂਦ ਕੋਰੋਨਾ ਮਰੀਜ਼ਾਂ ’ਚੋਂ ਦੋ ਦੀ ਰੈਂਡਮ ਸੈਂਪÇਲੰਗ ਕੀਤੀ ਗਈ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਉਕਤ ਮਰੀਜ਼ ਅੱਜ ਘਰ ਜਾਣ ਦੀ ਜਿੱਦ ਨੂੰ ਲੈ ਕੇ ਕਾਫੀ ਬੈਚੇਨ ਹੋ ਗਏ। ਮਰੀਜ਼ਾਂ ਨੇ ਦੁਪਹਿਰ ਅਤੇ ਰਾਤ ਦਾ ਭੋਜਨ ਖਾਣ ਤੋਂ ਮਨਾ ਕਰ ਦਿੱਤਾ, ਕਈਆਂ ਨੇ ਤਾਂ ਭੋਜਨ ਵੀ ਸੁੱਟ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਤੁਰੰਤ ਮੈਡੀਕਲ ਵਿਭਾਗ ਦੇ ਪ੍ਰਮੁੱਖ ਤੇ ਕੋਰੋਨਾ ਦੇ ਨੋਡਲ ਅਫਸਰ ਅਧਿਕਾਰੀ ਡਾ. ਸ਼ਿਵਚਰਨ ਨੂੰ ਦਿੱਤੀ ਗਈ। ਉਨ੍ਹਾਂ ਨੇ ਮੌਕੇ ’ਤੇ ਆ ਕੇ ਮਰੀਜ਼ਾਂ ਨੂੰ ਕਾਫੀ ਸਮਝਾਇਆ ਪਰ ਉਹ ਘਰ ਜਾਣ ਦੀ ਜਿੱਦ ’ਤੇ ਅੜੇ ਰਹੇ।
ਦੱਸਣਯੋਗ ਹੈ ਕਿ ਡਾ. ਸ਼ਿਵਚਰਨ ਦੇ ਬਾਅਦ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੇਂਟ ਡਾ. ਰਮਨ ਸ਼ਰਮਾ ਵੀ ਵਾਰਡ ’ਚ ਪਹੁੰਚੇ ਅਤੇ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਪਰ ਮਰੀਜ਼ਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਤੰਦਰੁਸਤ ਹਨ, ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇ। ਅਧਿਕਾਰੀਆਂ ਨੇ ਮਰੀਜ਼ਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਘਰ ਭੇਜੇ ਜਾਣ ਸਬੰੰਧੀ ਕੋਈ ਵੀ ਗਾਇਡਲਾਈਨ ਨਹੀਂ ਆਈ ਹੈ ਅਤੇ ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਨਹੀਂ ਆਈ ਹੈ। ਉਨ੍ਹਾਂ ਨੇ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ। ਖਬਰ ਲਿਖੇ ਜਾਣ ਤਕ ਮਰੀਜ਼ਾਂ ਨੇ ਵਾਰਡ ’ਚ ਖਾਣਾ ਨਹੀਂ ਖਾਦਾ ਸੀ ਅਤੇ ਉਨ੍ਹਾਂ ਲਈ ਹਸਪਤਾਲ ਪ੍ਰਸ਼ਾਸਨ ਵਲੋਂ ਭੇਜਿਆ ਗਿਆ ਫਰੂਟ, ਖਾਣਾ, ਦੁੱਧ ਉਸੇ ਤਰ੍ਹਾਂ ਹੀ ਪਿਆ ਹੋਇਆ ਹੈ।