ਪਾਕਿ 'ਚ ਇਤਿਹਾਸਕ ਗੁਰਦੁਆਰਿਆਂ ਦੇ ਗਲਤ ਇਸਤੇਮਾਲ 'ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਜਤਾਈ ਚਿੰਤਾ

Tuesday, Sep 01, 2020 - 05:08 PM (IST)

ਪਾਕਿ 'ਚ ਇਤਿਹਾਸਕ ਗੁਰਦੁਆਰਿਆਂ ਦੇ ਗਲਤ ਇਸਤੇਮਾਲ 'ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਜਤਾਈ ਚਿੰਤਾ

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚਕ੍ਰਵਰਤੀ ਦੇ 14ਵੇਂ ਨਿਹੰਗ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪਾਕਿਸਤਾਨ 'ਚ ਗੁਰਦੁਆਰਿਆਂ 'ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ 'ਚ ਬਣੇ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ 'ਤੇ ਸਰਕਾਰੀ ਵਿਭਾਗਾਂ ਅਤੇ ਭੂ-ਮਾਫ਼ੀਆਂ ਵਲੋਂ ਜ਼ਬਰੀ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਬਰਾਂ ਮੁਤਾਬਕ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ (ਮਿੰਟਗੁਮਰੀ) ਦੀ ਗਾਲਾ ਮੰਡੀ 'ਚ ਮੌਜੂਦ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਵਿਸ਼ਾਲ ਇਮਾਰਤ ਨੂੰ ਪੁਲਸ ਥਾਣਾ ਸਿਟੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਥਾਣੇ ਨੇ ਦੀਵਾਨ ਹਾਲ ਤੇ ਹੋਰ ਭਵਨਾਂ ਨੂੰ ਕੈਦੀਆਂ ਨੂੰ ਹਿਰਾਸਤ 'ਚ ਰੱਖਣ ਵਾਲੀਆਂ ਕੋਠੜੀਆਂ ਤੇ ਪ੍ਰਕਾਸ਼ ਅਸਥਾਨ ਨੂੰ ਮੁੱਖ ਅਧਿਕਾਰੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਹੈ ।

ਇਹ ਵੀ ਪੜ੍ਹੋ : ਸੰਨੀ ਦਿਓਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਨਿਤਿਨ ਗਡਕਰੀ ਨੂੰ ਮਿਲੇ, ਕੀਤੀਆਂ ਇਹ ਖ਼ਾਸ ਮੰਗਾਂ

ਉਨ੍ਹਾਂ ਦੱਸਿਆ ਕਿ ਮੀਡੀਆ ਦੀ ਰਿਪੋਰਟ ਮੁਤਾਬਕ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਦੇ ਅਨਿਨ ਸੇਵਕ, ਭਾਈ ਲਾਲੋ ਜੀ ਨਾਲ ਸਬੰਧਤ ਦੋ ਮੰਜ਼ਿਲਾਂ ਗੁਰਦੁਆਰਾ, ਜੋ ਕਿ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਤਤਲੇਆਲੀ ਦੀ ਆਬਾਦੀ ਦੀਨਪੁਰ ਗੱਦੀਆਂ 'ਚ ਮੌਜੂਦ ਹੈ, 'ਚ ਪਸ਼ੂ ਬੰਨ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਕਮਰਿਆਂ 'ਚ ਚਾਰਾ ਤੇ ਪਾਥੀਆਂ ਰੱਖੀਆਂ ਹੋਈਆਂ ਹਨ। ਇਹ ਗੁਰਦੁਆਰਾ ਸੰਨ 1939 'ਚ ਭਾਈ ਲਾਲ ਸਿੰਘ ਨੇ ਅਫ਼ਰੀਕਾ ਦੀ ਸਿੱਖ ਸੰਗਤ ਦੀ ਮਾਇਆ ਨਾਲ ਤਿਆਰ ਕਰਵਾਇਆ ਸੀ ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਈ ਲਾਲੋ ਜੀ ਦੀ ਇਕਲੌਤੀ ਪੁੱਤਰੀ ਬੀਬੀ ਰੱਜੀ ਵੀ ਇਸੇ ਪਿੰਡ ਦੇ ਭਾਈ ਭਗਤੂ ਨਾਲ ਵਿਆਹੀ ਗਈ ਸੀ ਅਤੇ ਏਮਨਾਬਾਦ ਦੀ ਹੋਈ ਬਰਬਾਦੀ ਤੋਂ ਬਾਅਦ ਭਾਈ ਲਾਲੋ ਅਖੀਰ ਤੱਕ ਇਸੇ ਪਿੰਡ 'ਚ ਰਹੇ। 

ਇਹ ਵੀ ਪੜ੍ਹੋ : ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਹਾਫਿਜ਼ਾਬਾਦ ਦੇ ਗੁਰੂ ਨਾਨਕਪੁਰਾ ਮੁਹੱਲੇ 'ਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਕਿੱਲ੍ਹਾ ਸਾਹਿਬ, ਜਿਥੇ ਗੁਰੂ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ ਬਿਰਾਜੇ ਸਨ, ਦੀ ਦੋ ਮੰਜ਼ਿਲਾਂ ਆਲੀਸ਼ਾਨ ਤੇ ਖੂਬਸੂਰਤ ਇਮਾਰਤ ਦੇ ਅੰਦਰ ਇਕ ਲਾਲਾਂ ਵਾਲੀ ਸਰਕਾਰ”ਨਾਮ ਦੀ ਕਥਿਤ ਕਬਰ ਬਣਾ ਕੇ ਗੁਰਦੁਆਰੇ ਦੇ ਗੁੰਬਦ 'ਤੇ ਹਰਾ ਰੰਗ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਮਿਟਾਉਣ ਦੇ ਜਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਪਾਕਿ 'ਚ 400 ਤੋਂ ਵਧੇਰੇ ਗੁਰਦੁਆਰਿਆਂ ਦੀਆਂ ਇਮਾਰਤਾਂ ਖੰਡਰ ਬਣ ਗਈਆਂ ਹਨ, ਜਿਨ੍ਹਾਂ 'ਚੋਂ 70 ਫ਼ੀਸਦੀ ਤੋਂ ਵੀ ਵਧੇਰੇ ਦੇ ਅੰਦਰ ਪਸ਼ੂ ਰੱਖੇ ਜਾ ਰਹੇ ਹਨ ਜਾਂ ਡੰਗਰਾਂ ਦੇ ਚਾਰੇ ਦੇ ਸਟੋਰ ਵਜੋਂ ਵਰਤਿਆ ਜਾ ਰਿਹਾ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਭ ਇਤਿਹਾਸਕ ਗੁਰਦੁਆਰਿਆਂ ਸਬੰਧੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਫ ਬੋਰਡ, ਅਤੇ ਸਥਾਨਕ ਸਿੱਖਾਂ ਤੇ ਹਤੈਸ਼ੀਆਂ ਦਾ ਸਹਿਯੋਗ ਲੈ ਕੇ ਇਨ੍ਹਾਂ ਗੁਰਦੁਆਰਿਆਂ 'ਚ ਮਰਯਾਦਾ ਬਹਾਲ ਕਰਾਉਣ ਲਈ ਜਤਨ ਕਰਨ।   

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ


author

Baljeet Kaur

Content Editor

Related News