ਅੰਮ੍ਰਿਤਸਰ ਹਾਈ ਅਲਰਟ 'ਤੇ, ਸ਼ੱਕੀ ਵਿਅਕਤੀ ਦੇਖਦੇ ਹੀ ਹਿਰਾਸਤ 'ਚ ਲੈਣ ਦੇ ਹੁਕਮ

01/25/2020 11:39:06 AM

ਅੰਮ੍ਰਿਤਸਰ (ਸੰਜੀਵ) : ਗਣਤੰਤਰ ਦਿਵਸ ਨੂੰ ਲੈ ਕੇ ਜਿਥੇ ਜ਼ਿਲਾ ਪ੍ਰਸ਼ਾਸਨ ਆਪਣੀਆਂ ਤਿਆਰੀਆਂ 'ਚ ਜੁਟਿਆ ਹੋਇਆ ਹੈ, ਉਥੇ ਹੀ ਪੁਲਸ ਤੰਤਰ ਨੇ ਵੀ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਹੈ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਗੁਰੂ ਨਾਨਕ ਸਟੇਡੀਅਮ 'ਚ ਹੋਣ ਵਾਲੇ ਗਣਤੰਤਰ ਦਿਵਸ ਦੇ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸ਼ਹਿਰ 'ਚ ਜਾਰੀ ਹਾਈ ਅਲਰਟ ਤਹਿਤ ਸਾਰੇ ਪੁਲਸ ਕਰਮਚਾਰੀਆਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਅਤੇ ਚੀਜ਼ ਨੂੰ ਦੇਖਦੇ ਹੀ ਉਸ ਨੂੰ ਹਿਰਾਸਤ ਵਿਚ ਲਏ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਲਈ ਸ਼ਹਿਰ ਦੀਆਂ ਸਾਰੀਆਂ ਚੌਕੀਆਂ, ਧਾਰਮਿਕ ਅਤੇ ਸਰਵਜਨਕ ਸਥਾਨਾਂ ਦੇ ਨਾਲ-ਨਾਲ ਬੱਸ ਸਟੈਂਡ 'ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ।

ਹੋਟਲਾਂ ਅਤੇ ਗੈਸਟ ਹਾਊਸਾਂ 'ਚ ਚਲਾਈ ਤਲਾਸ਼ੀ ਮੁਹਿੰਮ
ਸੁਰੱਖਿਆ ਨੂੰ ਲੈ ਕੇ ਪੁਲਸ ਕਿਸੇ ਤਰ੍ਹਾਂ ਦੀ ਵੀ ਢਿੱਲ ਨਹੀਂ ਛੱਡ ਰਹੀ। ਇਸ ਦੇ ਲਈ ਅੱਜ ਸਿਵਲ ਲਾਈਨ, ਬੱਸ ਸਟੈਂਡ ਸਥਿਤ ਹੋਟਲਾਂ ਅਤੇ ਗੈਸਟ ਹਾਊਸਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਥੇ ਸਬੰਧਤ ਥਾਣਾ ਇੰਚਾਰਜ ਪੁਲਸ ਫੋਰਸ ਨਾਲ ਗਏ ਤੇ ਹੋਟਲਾਂ 'ਚ ਠਹਿਰੇ ਲੋਕਾਂ ਦੀ ਜਾਣਕਾਰੀ ਲਈ। ਇਸ ਮੌਕੇ ਸਾਰੇ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਬਿਨਾਂ ਪਛਾਣ-ਪੱਤਰ ਦੇ ਕਮਰੇ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ।

ਪੁਲਸ ਫੋਰਸ ਨੂੰ ਕੀਤੀ ਗਈ ਬ੍ਰੀਫਿੰਗ
ਗਣਤੰਤਰ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਪੁਲਸ ਕਮਿਸ਼ਨਰ ਨੇ ਸ਼ਹਿਰ ਦੀ ਪੁਲਸ ਫੋਰਸ ਨੂੰ ਬ੍ਰੀਫਿੰਗ ਕੀਤੀ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲਾਏ ਜਾ ਰਹੇ ਨਾਕਿਆਂ ਅਤੇ ਗਣਤੰਤਰ ਦਿਵਸ 'ਤੇ ਤਾਇਨਾਤ ਫੋਰਸ ਨੂੰ ਪੂਰੀ ਚੌਕਸੀ ਵਰਤਣ ਨੂੰ ਕਿਹਾ ਗਿਆ।

ਡਾਗ ਸਕੁਐਡ ਨੇ ਸਟੇਡੀਅਮ ਦਾ ਚੱਪਾ-ਚੱਪਾ ਖੰਗਾਲਿਆ
ਗੁਰੂ ਨਾਨਕ ਸਟੇਡੀਅਮ 'ਚ ਹੋਣ ਵਾਲੇ ਸਮਾਰੋਹ ਨੂੰ ਲੈ ਕੇ ਅੱਜ ਡਾਗ ਸਕੁਐਡ ਅਤੇ ਬੰਬ ਡਿਸਪੋਜ਼ਲ ਦਸਤਿਆਂ ਨੇ ਸਟੇਡੀਅਮ ਦਾ ਚੱਪਾ-ਚੱਪਾ ਖੰਗਾਲਿਆ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਉਸ 'ਤੇ ਕਾਬੂ ਪਾਉਣ ਲਈ ਪੁਲਸ ਨੇ ਪੁਖਤਾ ਇੰਤਜ਼ਾਮ ਕਰ ਰੱਖੇ ਹਨ।

ਘੋੜ ਸਵਾਰਾਂ ਨੇ ਵੀ ਸਾਂਭੀ ਸੁਰੱਖਿਆ ਦੀ ਕਮਾਨ
ਪੰਜਾਬ ਪੁਲਸ ਦੇ ਘੋੜ ਸਵਾਰਾਂ ਨੇ ਵੀ ਗਣਤੰਤਰ ਦਿਵਸ ਸਬੰਧੀ ਸੁਰੱਖਿਆ ਦੀ ਕਮਾਨ ਸੰਭਾਲ ਰੱਖੀ ਹੈ। ਅੱਜ ਘੋੜ ਸਵਾਰਾਂ ਦਾ ਇਕ ਦਸਤਾ ਲਾਰੈਂਸ ਰੋਡ ਤੋਂ ਕੂਪਰ ਰੋਡ ਹੁੰਦਾ ਹੋਇਆ ਹਾਲ ਬਾਜ਼ਾਰ ਅਤੇ ਹਾਲ ਬਾਜ਼ਾਰ ਤੋਂ ਵਾਪਸ ਲਾਰੈਂਸ ਰੋਡ ਤੱਕ ਚੱਕਰ ਲਾਉਂਦਾ ਰਿਹਾ, ਜੋ ਸੁਰੱਖਿਆ ਦੇ ਨਾਲ-ਨਾਲ ਪਬਲਿਕ ਲਈ ਖਿੱਚ ਦਾ ਵੀ ਕੇਂਦਰ ਬਣਿਆ ਰਿਹਾ।


Baljeet Kaur

Content Editor

Related News