ਅੰਮ੍ਰਿਤਸਰ ਹੈਰੀਟੇਜ ਥੀਮ ''ਤੇ ਬਣਾਇਆ ਗਿਆ ਪੋਲਿੰਗ ਬੂਥ ਵੋਟਾਂ ਪਾਉਣ ਦੇ ਅਨੁਭਵ ਨੂੰ ਬਣਾਏਗਾ ਯਾਦਗਾਰੀ
Friday, May 31, 2024 - 10:43 PM (IST)
ਅੰਮ੍ਰਿਤਸਰ - ਵੋਟਰਾਂ ਦੇ ਵੋਟ ਪਾਉਣ ਦੇ ਅਨੁਭਵ ਨੂੰ ਯਾਦਗਾਰੀ ਅਤੇ ਅਨੰਦ ਦਾਇਕ ਬਨਾਉਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਦੇ ਨਿਰਦੇਸ਼ 'ਤੇ ਅਮਲ ਕਰਦਿਆਂ ਸਥਾਨਕ ਐਸ.ਐਸ ਭਵਨ ਸਕੂਲ ਵਿਚ ਅੰਮ੍ਰਿਤਸਰ ਦੀ ਵਿਰਾਸਤ ਥੀਮ 'ਤੇ ਸੁਪਰ ਮਾਡਲ ਸਕੂਲ ਬਣਾਇਆ ਗਿਆ ਹੈ, ਜਿੱਥੇ ਵੋਟਰਾਂ ਦਾ ਸਵਾਗਤ ਵਿਆਹ ਸਮਾਗਮ ਵਾਂਗ ਢੋਲ ਦੀ ਥਾਪ ਨਾਲ ਕੀਤਾ ਜਾਵੇਗਾ। ਜਿਉਂ ਹੀ ਤੁਸੀਂ ਵੋਟ ਪਾਉਣ ਲਈ ਪੁੱਜੋਗੇ ਤਾਂ ਸਾਡੀ ਅਮੀਰ ਵਿਰਾਸਤ ਦਾ ਚਿੰਨ ਢੋਲ ਦੀ ਤਾਲ ਨਾਲ ਤੁਹਾਡਾ ਸਵਾਗਤ ਕਰੇਗੀ। ਇਸ ਇਮਾਰਤ ਦੀਆਂ ਕੰਧਾਂ 'ਤੇ ਸਾਡੇ ਸ਼ਹਿਰ ਦੇ ਹੀਰੋਜ ਦੀਆਂ ਤਸਵੀਰਾਂ ਅਤੇ ਫੁਲਕਾਰੀ ਦੀ ਸਜਾਵਟ ਤੁਹਾਡਾ ਮਨ ਮੋਹ ਲਵੇਗੀ।
ਇੱਥੇ ਤੁਹਾਡੇ ਸਵਾਗਤ ਲਈ ਰੰਗੋਲੀ, ਚਾਹ, ਪਾਣੀ, ਲੱਸੀ ਤੁਹਾਨੂੰ ਸਵਾਗਤੀ ਡਰਿੰਕ ਵਜੋਂ ਮਿਲਣਗੇ। ਇਸ ਤੋਂ ਇਲਾਵਾ ਗੋਲਗੱਪੇ, ਟਿੱਕੀ, ਚਾਟ ਵਰਗੇ ਪਕਵਾਨ ਪਰੋਸੇ ਜਾਣਗੇ। ਤੁਹਾਡੇ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਇੱਥੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਹੀ ਟੈਂਟ ਦੀ ਸਜਾਵਟ ਅਤੇ ਸੋਹਣਾ ਵਿਛਿਆ ਮੈਟ ਤੁਹਾਨੂੰ ਵੋਟਿੰਗ ਮਸ਼ੀਨ ਵੱਲ ਲੈ ਜਾਵੇਗਾ। ਜੇਕਰ ਕਤਾਰ ਲੱਗੀ ਹੈ ਤਾਂ ਤੁਹਾਡੇ ਬੈਠਣ ਲਈ ਵਧੀਆ ਉਡੀਕ ਘਰ, ਤੁਹਾਡੇ ਬੱਚਿਆਂ ਲਈ ਕਰੈਚ, ਕਿਤਾਬਾਂ ਦੇ ਸ਼ੌਕੀਨਾਂ ਲਈ ਕਿਤਾਬਾਂ ਦੀ ਪ੍ਰਦਰਸ਼ਨੀ, ਮਹਿਲਾ ਵੋਟਰਾਂ ਲਈ ਨੇਲ ਆਰਟ ਦਾ ਪ੍ਰਬੰਧ ਕੀਤਾ ਗਿਆ ਹੈ। ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਨੌਜਵਾਨ ਵੋਟਰਾਂ ਨੂੰ ਕਿੱਤਾ ਮੁਖੀ ਸਿੱਖਿਆ ਤੋਂ ਜਾਣੂੰ ਕਰਵਾਉਣ ਲਈ ਤਕਨੀਕੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ, ਰਿਆਇਤੀ ਦਰ 'ਤੇ ਦਿੱਤੇ ਜਾ ਰਹੇ ਆਟੋ ਦੀ ਜਾਣਕਾਰੀ ਲਈ ਰਾਹੀ ਆਟੋ ਦੀ ਪ੍ਰਦਰਸ਼ਨੀ ਤੋਂ ਇਲਾਵਾ ਵਾਤਾਵਰਣ ਦੀ ਸੰਭਾਲ ਲਈ ਸ਼ਹਿਰ ਵਾਸੀਆਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਦਾ ਸੱਦਾ ਦੇਣ ਲਈ ਬੂਟਿਆਂ ਰੂਪੀ ਪ੍ਰਸ਼ਾਦ ਦਾ ਪ੍ਰਬੰਧ ਵੀ ਇਸ ਬੂਥ 'ਤੇ ਕੀਤਾ ਗਿਆ ਹੈ। ਆਉ, ਲੋਕਤੰਤਰ ਦਾ ਜਸ਼ਨ ਮਨਾਉਦੇਂ ਹੋਏ ਅੰਮਿ੍ਰਤਸਰ ਦੀ ਵਿਰਾਸਤ ਦਾ ਨਜ਼ਾਰਾ ਲਈਏ।
ਇਹ ਵੀ ਪੜ੍ਹੋ- ਨਿਰਯਾਤ ਕਾਰੋਬਾਰ ਰਾਹੀਂ ਸੂਬੇ ਦੇ ਕਿਸਾਨਾਂ ਦੀ ਆਮਦਨ 'ਚ ਹੋਵੇਗਾ ਵੱਡਾ ਵਾਧਾ: ਸ਼੍ਰੋਮਣੀ ਅਕਾਲੀ ਦਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e