ਸ੍ਰੀ ਦਰਬਾਰ ਸਾਹਿਬ ਵਿਖੇ 'ਗੁਰੂ ਕਾ ਬਾਗ' ਸੰਗਤਾਂ ਲਈ ਬਣੇਗਾ ਖਿੱਚ ਦਾ ਕੇਂਦਰ
Tuesday, Oct 01, 2019 - 04:44 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਚਕਾਰ ਵਾਲੀ ਥਾਂ 'ਤੇ 'ਗੁਰੂ ਕਾ ਬਾਗ' ਸਥਾਪਿਤ ਕੀਤਾ ਗਿਆ। ਸਥਾਪਿਤ ਕੀਤੇ 'ਗੁਰੂ ਕਾ ਬਾਗ' 'ਚ ਅੱਜ ਬੂਟੇ ਲਾਉਣ ਦੀ ਸ਼ੁਰੂਆਤ ਅਰਦਾਸ ਮਗਰੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਕੀਤੀ ਗਈ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਬਾਗਬਾਨੀ ਮਾਹਿਰਾਂ ਦੀ ਰਾਇ ਅਨੁਸਾਰ ਤਿਆਰ ਕੀਤੇ ਜਾ ਰਹੇ ਇਸ ਬਾਗ ਦੇ ਚੁਫੇਰੇ 3 ਕਿਆਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਇਸ ਬਾਗ 'ਚ 400 ਕਿਸਮਾਂ ਦੇ ਬੂਟੇ ਲਾਏ ਜਾਣਗੇ ਅਤੇ ਕਿਆਰੀਆਂ ਦੇ ਵਿਚਕਾਰਲੇ ਭਾਗ 'ਚ ਸੈਂਕੜੇ ਤਰ੍ਹਾਂ ਦੇ ਫੁੱਲ ਮਹਿਕਾਂ ਬਿਖੇਰਨਗੇ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬੂਟੇ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਅੱਜ ਦੇ ਸਮੇਂ 'ਚ ਵਾਤਾਵਰਨ ਦੀ ਸ਼ੁੱਧਤਾ ਲਈ ਇਹ ਇਕ ਮਹਾਨ ਸੇਵਾ ਹੈ, ਜਿਸ 'ਚ ਹਰ ਇਕ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਕਿਹਾ ਕਿ ਬਾਗ ਮਾਹਿਰਾਂ ਵਲੋਂ ਤਿਆਰ ਕੀਤੇ ਨਕਸ਼ੇ ਅਨੁਸਾਰ ਬਣਾਇਆ ਜਾ ਰਿਹਾ ਹੈ, ਜਿਸ 'ਚ ਪਾਣੀ ਦੀ ਵਰਤੋਂ ਲਈ ਆਧੁਨਿਕ ਪ੍ਰਣਾਲੀ ਵਰਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਇਹ ਬਾਗ ਸੰਗਤਾਂ ਲਈ ਇਕ ਪ੍ਰੇਰਣਾ ਦੇ ਰੂਪ 'ਚ ਹੋਵੇਗਾ। ਇਥੇ ਪਹਿਲਾਂ ਲੱਗੇ ਪੁਰਾਤਨ ਦਰੱਖ਼ਤਾਂ, ਬੂਟਿਆਂ ਨੂੰ ਬਿਨਾ ਨੁਕਸਾਨ ਪਹੁੰਚਾਇਆ ਸੁਰੱਖਿਅਤ ਰੱਖਿਆ ਜਾਵੇਗਾ। ਇਸ 'ਚ ਵੱਡੇ ਛਾਂਦਾ, ਫਲਦਾਰ, ਸੁਗੰਧੀ ਭਰਪੂਰ ਬੂਟੇ ਅਤੇ ਕਈ ਤਰ੍ਹਾਂ ਦੇ ਫੁੱਲ ਆਦਿ ਵਿਸ਼ੇਸ਼ ਹੋਣਗੇ। ਬਾਗ ਦੀ ਵਿਉਂਤਬੰਦੀ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ 1 ਵੱਡੀ ਕਿਆਰੀ 'ਚ ਅੰਬ, ਚਕਰੇਸੀਆ, ਕਚਨਾਰ, ਕਸੇਲ, ਚੋਰਸੀਆ ਤੇ ਮੋਲਸਰੀ ਦੇ ਬੂਟੇ ਲਗਾਏ ਜਾਣਗੇ। ਦੂਸਰੀ ਕਿਆਰੀ 'ਚ ਗੁਲਮੋਹਰ, ਪਲੁਮੇਰੀਆਂ ਰੂਬਰ, ਪਲੁਮੇਰੀਆਂ ਅਲਬਾ, ਹਾਰਸ਼ਿੰਗਾਰ, ਟੈਕੋਮਾ ਗੋੜੀ ਚੋੜੀ ਤੇ ਗੁਲਮੋਹਰ ਦੇ ਬੂਟੇ ਹੋਣਗੇ। ਇਸੇ ਕਿਆਰੀ 'ਚ ਦਰੱਖ਼ਤਾਂ ਦੇ ਹੇਠਾਂ ਕਈ ਫੁੱਲ ਮਹਿਕਣਗੇ, ਜਿਸ 'ਚ ਗੁਲਾਮ, ਰੈਪੀਸ਼ ਪਾਪ, ਗਾਰਡੈਨੀਆ ਡੋਰਫ, ਫਾਈਕਸ਼, ਚਾਂਦਨੀ, ਬੋਟਲ ਬਰਸ਼, ਕੈਸੀਆਂ ਬਾਏ ਫਲੋਰਾ, ਬੁਗਨ ਵੈਲ, ਇਕਲੀਫਾਂ, ਡਰੈਸੀਆਨਾ ਕੁਲੋਰਾਮਾ, ਕਲੋਰੋਡੈਡਰਮ, ਨੀਕਾ ਡੀਵੀਆ, ਪਲੰਮ ਬਾਗੋ, ਟੀਕੋਮਾ ਕੈਪਨਸਿਸ ਆਦਿ ਹਨ। ਤੀਸਰੀ ਕਿਆਰੀ 'ਚ ਫੁੱਲ ਅਤੇ ਹੇਜ ਆਦਿ ਲਗਾਏ ਜਾਣਗੇ।
ਰੂਪ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਮੰਤਵ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆਵਲ ਭਰਪੂਰ, ਸੁਗੰਧਤ ਅਤੇ ਵਾਤਾ-ਅਨੁਕੂਲ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਰਟੀਗਲ ਗਾਰਡਨ ਅਤੇ ਰੂਫ ਗਾਰਡਨ ਲਗਾਏ ਜਾ ਚੁੱਕੇ ਹਨ। ਬੂਟੇ ਲਾਉਣ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਪ੍ਰਦਮ ਸ੍ਰੀ ਬਾਬਾ ਸੇਵਾ ਸਿੰਘ, ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਆਦਿ ਮੌਜੂਦ ਸਨ।