DSGMC ਨੂੰ ਵੱਡਾ ਝਟਕਾ, ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ''ਤੇ ਲੱਗੀ ਰੋਕ

10/10/2019 7:03:57 PM

ਨਵੀਂ ਦਿੱਲੀ/ਅੰਮ੍ਰਿਤਸਰ (ਸੁਨੀਲ ਪਾਂਡੇ, ਮਮਤਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁੱਧਵਾਰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਵਲੋਂ 13 ਅਕਤੂਬਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਪ੍ਰਸਤਾਵਿਤ ਨਗਰ ਕੀਰਤਨ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਰੋਕ ਲਾ ਦਿੱਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 13 ਅਕਤੂਬਰ ਨੂੰ ਦਿੱਲੀ ਤੋਂ ਪਾਕਿਸਤਾਨ ਲਈ ਉਕਤ ਨਗਰ ਕੀਰਤਨ ਨਹੀਂ ਜਾਏਗਾ। ਇਸ ਦੀ ਥਾਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ 28 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਤੋਂ ਆਯੋਜਿਤ ਹੋਣ ਵਾਲੇ ਨਗਰ ਕੀਰਤਨ ਦਾ ਸੰਗਤਾਂ ਨੂੰ ਵੱਧ ਤੋਂ ਵੱਧ ਸਵਾਗਤ ਕਰਨ ਲਈ ਕਿਹਾ ਹੈ।

ਸੋਨੇ ਦੀ ਪਾਲਕੀ ਪਾਕਿ ਨਾ ਭੇਜਣ ਅਤੇ ਵਿਸ਼ੇਸ਼ ਗੋਲਕਾਂ ਹਟਾਉਣ ਦੇ ਦਿੱਤੇ ਹੁਕਮ
ਮਿਲੀਆਂ ਰਿਪੋਰਟਾਂ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੋਨੇ ਦੀ ਪਾਲਕੀ ਨੂੰ ਵੀ ਨਾ ਭੇਜਣ ਦਾ ਹੁਕਮ ਦਿੱਤਾ ਹੈ। ਸੋਨੇ ਦੀ ਪਾਲਕੀ ਦੇ ਨਾਂ 'ਤੇ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਰੱਖੀਆਂ ਗਈਆਂ ਵਿਸ਼ੇਸ਼ ਗੋਲਕਾਂ ਨੂੰ ਵੀ ਬੰਦ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਉਥੋਂ ਹਟਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਪਾਲਕੀ ਸਾਹਿਬ ਜਿਸ ਹਾਲਤ ਵਿਚ ਵੀ ਤਿਆਰ ਹੈ, ਉਸ ਨੂੰ ਉਸੇ ਹਾਲਤ ਵਿਚ ਰੋਕ ਦਿੱਤਾ ਜਾਏ। ਨਾਲ ਹੀ ਸੋਨੇ ਦੀ ਪਾਲਕੀ ਦੇ ਨਾਂ 'ਤੇ ਸੰਗਤਾਂ ਕੋਲੋਂ ਇਕੱਠੀ ਕੀਤੀ ਗਈ ਨਕਦੀ ਅਤੇ ਸੋਨੇ ਬਾਰੇ ਸਾਰੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਿੱਲੀ ਦੀਆਂ ਸੰਗਤਾਂ ਨੂੰ ਦਿੱਤੀ ਜਾਏ।

ਸੰਗਤਾਂ ਦੀਆਂ ਸ਼ਿਕਾਇਤਾਂ ਪਿੱਛੋਂ ਲਿਆ ਗਿਆ ਫੈਸਲਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਇਹ ਫੈਸਲਾ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ। ਸੰਗਤਾਂ ਨੇ ਜਥੇਦਾਰ ਸਾਹਿਬਾਨ ਨੂੰ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਾਕਿਸਤਾਨ ਜਾਣ ਲਈ ਕੋਈ ਜਾਇਜ਼ ਪ੍ਰਵਾਨਗੀ ਨਹੀਂ ਹੈ। ਇਸ ਦੇ ਬਾਵਜੂਦ ਵਿਸ਼ੇਸ਼ ਗੋਲਕਾਂ ਰੱਖ ਕੇ ਨਗਰ ਕੀਰਤਨ ਦੇ ਨਾਂ 'ਤੇ ਸੋਨਾ ਅਤੇ ਨਕਦੀ ਵਸੂਲੀ ਜਾ ਰਹੀ ਹੈ। ਇਸ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੂੰ ਦਿੱਲੀ ਕਮੇਟੀ ਦੇ ਪ੍ਰਸਤਾਵਿਤ ਨਗਰ ਕੀਰਤਨ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਦੇ ਪ੍ਰਸਤਾਵਿਤ 28 ਅਕਤੂਬਰ ਦੇ ਨਗਰ ਕੀਰਤਨ ਵਿਚੋਂ ਸਿਰਫ ਇਕ ਨਗਰ ਕੀਰਤਨ ਨੂੰ ਸ੍ਰੀ ਨਨਕਾਣਾ ਸਾਹਿਬ ਤੱਕ ਲਿਜਾਣ ਦੀ ਸੰਭਾਵਨਾ ਲੱਭੀ ਗਈ ਸੀ। 5 ਮੈਂਬਰੀ ਕਮੇਟੀ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ, ਜਿਸ ਪਿੱਛੋਂ ਜਥੇਦਾਰ ਸਾਹਿਬਾਨ ਨੇ ਬੁੱਧਵਾਰ ਸ਼ਾਮ ਆਪਣਾ ਹੁਕਮ ਸੁਣਾ ਦਿੱਤਾ।

ਦਿੱਲੀ ਦੀਆਂ ਸੰਗਤਾਂ 'ਚ ਪੈਦਾ ਹੋ ਗਈ ਸੀ ਦੁਬਿਧਾ ਵਾਲੀ ਹਾਲਤ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਨਾਲ ਜਾਰੀ ਕੀਤੇ ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਪਰਮਜੀਤ ਸਿੰਘ ਸਰਨਾ ਦੇ ਐਲਾਨ ਤੋਂ ਬਾਅਦ ਿਦੱਲੀ ਕਮੇਟੀ ਵਲੋਂ ਨਗਰ ਕੀਰਤਨ ਦਾ ਐਲਾਨ ਕੀਤਾ ਗਿਆ। ਇਸ ਕਾਰਣ ਦਿੱਲੀ ਦੀਆਂ ਸੰਗਤਾਂ ਦੁਬਿਧਾ ਵਿਚ ਪੈ ਗਈਆਂ। ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਿਰਫ ਇਕ ਨਗਰ ਕੀਰਤਨ ਜਾਣ ਦੀ ਅਪੀਲ ਕੀਤੀ ਗਈ ਸੀ। ਪਾਕਿਸਤਾਨ ਸਰਕਾਰ ਵਲੋਂ ਵੀ ਸਿਰਫ ਇਕ ਹੀ ਨਗਰ ਕੀਰਤਨ ਬਾਰੇ ਪ੍ਰਵਾਨਗੀ ਦਿੱਤੀ ਗਈ ਹੈ। ਪਾਕਿ ਸਰਕਾਰ ਨੂੰ ਹੋਰਨਾਂ ਸੰਸਥਾਵਾਂ ਨੂੰ ਵੀ ਸ੍ਰੀ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ। ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਿੱਲੀ ਕਮੇਟੀ ਨੂੰ 13 ਅਕਤੂਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਨਗਰ ਕੀਰਤਨ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਹੈ।

28 ਨੂੰ ਗੁਰਦੁਆਰਾ ਨਾਨਕ ਪਿਆਓ ਤੋਂ ਆਯੋਜਿਤ ਹੋਵੇਗਾ ਨਗਰ ਕੀਰਤਨ
ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਵਲੋਂ 28 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਸ਼ਾਮਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਪੰਜ ਪਿਆਰਿਆਂ ਅਤੇ ਸੰਗਤਾਂ ਦਾ ਵੱਧ ਤੋਂ ਵੱਧ ਸਤਿਕਾਰ ਤੇ ਸਵਾਗਤ ਕੀਤਾ ਜਾਏ।

ਪਾਲਕੀ ਦੀ ਥਾਂ ਸਿੱਖ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋਵੇ ਪੈਸਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਸਾਲ ਪਹਿਲਾਂ ਵੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੋਨੇ ਦੀ ਇਕ ਪਾਲਕੀ ਸ੍ਰੀ ਨਨਕਾਣਾ ਸਾਹਿਬ ਭੇਜੀ ਗਈ ਸੀ। ਉਸ ਦੀ ਅਜੇ ਤੱਕ ਠੀਕ ਢੰਗ ਨਾਲ ਵਰਤੋਂ ਨਹੀਂ ਹੋਈ। ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਹੀ ਪਈ ਹੈ। ਉਕਤ ਖਾਲੀ ਪਾਲਕੀ ਸਾਹਮਣੇ ਭੋਲੇ-ਭਾਲੇ ਸਿੱਖ ਮੱਥਾ ਟੇਕ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਅਜਿਹੀਆਂ ਪਾਲਕੀਆਂ 'ਤੇ ਖਰਚ ਕਰਨ ਵਾਲੇ ਪੈਸੇ ਦੀ ਵਰਤੋਂ ਪਾਕਿਸਤਾਨ ਵਿਚ ਰਹਿਣ ਵਾਲੇ ਲੋੜਵੰਦ ਸਿੱਖ ਬੱਚਿਆਂ ਦੀ ਪੜ੍ਹਾਈ 'ਤੇ ਕੀਤੀ ਜਾਏ। ਇਸ ਨਾਲ ਕੌਮ ਨੂੰ ਲਾਭ ਹੋਵੇਗਾ। ਨਾਲ ਹੀ ਸਿੱਖ ਸੰਗਤਾਂ ਦੇ ਮਨ ਨੂੰ ਖੁਸ਼ੀ ਮਿਲੇਗੀ। ਭਵਿੱਖ ਵਿਚ ਅਜਿਹੀਆਂ ਸੋਨੇ ਦੀਆਂ ਪਾਲਕੀਆਂ ਬਣਾਉਣ 'ਤੇ ਰੋਕ ਲਾਈ ਜਾਵੇ।

ਸ੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਭੇਜਣ ਦਾ ਹੁਕਮ
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਹੁਣ ਤੱਕ ਸੋਨੇ ਦੀ ਪਾਲਕੀ 'ਤੇ ਕਿੰਨਾ ਪੈਸਾ ਲੱਗਾ, ਸੰਗਤ ਤੋਂ ਕਿੰਨਾ ਸੋਨਾ ਮਿਲਿਆ ਅਤੇ ਕੁਲ ਖਰਚ ਕੀ ਹੋਇਆ, ਸਬੰਧੀ ਸਾਰੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਗੱਲ ਵੀ ਕਹੀ ਗਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਲਕੀ ਨੂੰ ਸੁਸ਼ੋਭਿਤ ਕਰਨ ਦਾ ਫੈਸਲਾ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਿੱਖ ਸੰਗਠਨਾਂ ਦੀ ਰਾਏ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਜ ਸਿੰਘ ਸਾਹਿਬਾਨ ਦੇ ਇਕੱਠ ਵਿਚ ਲਿਆ ਜਾਏਗਾ।


Baljeet Kaur

Content Editor

Related News