ਅੰਮ੍ਰਿਤਸਰ ਕਰਾਸ ਬਾਰਡਰ ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼, 3 ਕਿਲੋ ਹੈਰੋਇਨ ਬਰਾਮਦ

Monday, Nov 30, 2020 - 02:57 AM (IST)

ਅੰਮ੍ਰਿਤਸਰ ਕਰਾਸ ਬਾਰਡਰ ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼, 3 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ, (ਅਰੁਣ)- ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਤਲਾਹ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਕਰਾਸ ਬਾਰਡਰ ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼ ਕਰ ਕੇ ਇਕ ਹੈਰੋਇਨ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੀ ਨਿਸ਼ਾਨਦੇਹੀ ’ਤੇ ਛਾਪਾਮਾਰੀ ਕਰਦਿਆਂ ਗੰਨੇ ਦੇ ਖੇਤ ’ਚ ਲੁਕੋ ਕੇ ਰੱਖੀ ਗਈ ਪਾਕਿਸਤਾਨ ਤੋਂ ਮੰਗਵਾਈ 3 ਕਿਲੋ ਹੈਰੋਇਨ ਪੁਲਸ ਨੇ ਬਰਾਮਦ ਕਰ ਲਈ।

ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੋਡ਼ੇ ਵਾਸੀ ਸਮੱਗਲਰ ਹਿੰਮਤ ਸਿੰਘ ਪੁੱਤਰ ਦਲਬੀਰ ਸਿੰਘ ਨੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਮੱਗਲਿੰਗ ਦਾ ਧੰਦਾ ਕਰਦੇ ਹਨ। ਪੁਲਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਉਕਤ ਸਮੱਗਲਰ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਉਸਦੀ ਨਿਸ਼ਾਨਦੇਹੀ ’ਤੇ ਪਿੰਡ ਪੰਜਗਰਾਈਆਂ ’ਚ ਗੰਨੇ ਦੇ ਇਕ ਖੇਤ ’ਚ ਲੁਕੋ ਕੇ ਰੱਖੀ ਗਈ ਹੈਰੋਇਨ ਬਰਾਮਦ ਕਰ ਲਈ।

ਮੁੱਢਲੀ ਪੁੱਛਗਿਛ ਦੌਰਾਨ ਹਿੰਮਤ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਫ਼ਰੀਦਕੋਟ ਜੇਲ ’ਚ ਬੰਦ ਮਲਕੀਤ ਸਿੰਘ ਫੌਜੀ ਪੁੱਤਰ ਬਲਦੇਵ ਸਿੰਘ ਵਾਸੀ ਮੁਹਾਵਾ ਨੇ ਪਾਕਿਸਤਾਨ ਤੋਂ ਮੰਗਵਾ ਕੇ ਦਿੱਤੀ ਸੀ। ਮਲਕੀਤ ਸਿੰਘ ਫੌਜੀ ਖਿਲਾਫ਼ ਥਾਣਾ ਘਰਿੰਡਾ ਵਿਖੇ 8. 5. 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਤਹਿਤ ਉਹ ਫ਼ਰੀਦਕੋਟ ਜੇਲ ’ਚ ਬੰਦ ਹੈ। ਪੁੱਛਗਿੱਛ ਦੌਰਾਨ ਹਿੰਮਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਇਹ ਹੈਰੋਇਨ ਕੋਲਡ ਡਰਿੰਕ ਦੀਆਂ ਬੋਤਲਾਂ ਵਿਚ ਪਾ ਕੇ ਬਾਰਡਰ ਪਾਰ ਤੋਂ ਰਾਵੀ ਦਰਿਆ ਵਿਚ ਉਸ ਜਗ੍ਹਾ ਤਕ ਰੋਡ਼ੀ ਗਈ ਸੀ, ਜਿੱਥੇ ਰਾਵੀ ਬਾਰਡਰ ਪਾਰ ਕਰਦਾ ਹੈ। ਧਰੁਵ ਦਹੀਆ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੀ ਅਗਵਾਈ ਐੱਸ. ਪੀ. ਡੀ. ਗੌਰਵ ਤੁਰਾ, ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੂੰ ਸੌਂਪੀ ਗਈ ਸੀ।


author

Bharat Thapa

Content Editor

Related News