ਕੋਵਿਡ-19:ਚੌਂਕੀ ਸਾਹਿਬ ਵਿੱਚ ਹਾਜ਼ਰ ਸੰਗਤਾਂ ਨੇ ਸੰਸਾਰ ਦੇ ਭਲੇ ਲਈ ਕੀਤੀ ਅਰਦਾਸ
Friday, Jun 19, 2020 - 10:01 AM (IST)
ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਅੰਮ੍ਰਿਤ ਵੇਲੇ ਦੀ ਬਾਬਾ ਬੁੱਢਾ ਸਾਹਿਬ ਵਾਲੀ ਚੌਂਕੀ ਸਾਹਿਬ ਵਿੱਚ ਹਾਜ਼ਰ ਸੰਗਤਾਂ ਨੇ ਕੋਰੋਨਾ ਤੋਂ ਫ਼ਤਹਿ ਲਈ ਸ਼ਬਦ ਕੀਰਤਨ ਉਪਰੰਤ ਸਾਰੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ। ਜਗਬਾਣੀ/ਪੰਜਾਬ ਕੇਸਰੀ ਨਾਲ ਗੱਲਬਾਤ ਕਰਦਿਆਂ ਚੌਂਕੀ ਸਾਹਿਬ ਦੇ ਮੁੱਖ ਸੇਵਾਦਾਰ ਨੇ ਕਿਹਾ ਕਿ ਇਸ ਚੌਂਕੀ ਸਾਹਿਬ ਵਲੋਂ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਧਰਮੀ ਦੇਸ਼ ਹੈ ਤੇ ਇਸ 'ਚ ਹਿੰਦੂ, ਮੁਸਲਿਮ, ਸਿੱਖ ਈਸਾਈ ਇਕੋ ਮਾਲਾ ਦੇ ਮਣਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਚਹੁੰ ਵਰਣਾ ਦਾ ਸਾਂਝਾ ਅਸਥਾਨ ਹੈ ਇਸ ਲਈ ਇੱਥੇ ਸਮੁੱਚੇ ਸੰਸਾਰ ਤੇ ਸਾਰੇ ਧਰਮਾਂ ਤੇ ਜਾਤਾਂ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਤੇ ਸਾਰੇ ਸੰਸਾਰ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਨਿਜਾਤ ਦਿਵਾਉਣ।
ਚਾਰੇ ਪਾਸੇ ਲੱਗੀਆਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ
ਗਰਮੀ ਦੇ ਵੱਧਦੇ ਪ੍ਰਕੋਪ ਨੂੰ ਵੇਖਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਕੋਨਿਆਂ 'ਤੇ ਕੱਚੀ ਲੱਸੀ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਜਿੱਥੇ ਸੰਗਤਾਂ ਨੇ ਸ਼ਰਧਾ ਨਾਲ ਸੇਵਾ ਕੀਤੀ ਓਥੇ ਠੰਢੇ-ਮਿੱਠੇ ਜਲ ਛਕ ਕੇ ਤ੍ਰਿਪਤ ਹੋਈਆਂ।
ਸੱਚਖੰਡ ਦੇ ਦਰਸ਼ਨ ਕਰਕੇ ਸੰਗਤਾਂ ਨਾਮ ਬਾਣੀ ਨਾਲ ਜੁੜੀਆਂ
ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਸੰਗਤਾਂ ਨੇ ਦਰਸ਼ਨੀ ਡਿਓੜੀ ਦੇ ਮੁੱਖ ਦੁਆਰ ਦੇ ਬਾਹਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਤੇ ਕਿਵਾੜ ਖੁੱਲ੍ਹਣ ਉਪਰੰਤ ਦਰਸ਼ਨ ਦੀਜੈ ਖੋਲ੍ਹ ਕਿਵਾੜ ਤੇ ਬੇਨਤੀ ਰੂਪੀ ਸ਼ਬਦਾਂ ਦਾ ਗਾਇਣ ਕਰਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜੀਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ੍ਰੰਥੀ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਸਾਹਿਬ 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵਲੋਂ ਪਹਿਲਾਂ ਮੁੱਖ ਵਾਕ ਲੈਣ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਗਈ। ਜਿਸ 'ਚ 100 ਦੇ ਕਰੀਬ ਸੰਗਤਾਂ ਨੇ ਹਾਜ਼ਰੀ ਭਰੀ। ਰਾਗੀ ਜਥਿਆਂ ਵਲੋਂ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਗਈਆਂ। ਸੰਗਤਾਂ ਨੇ ਜੋੜੇ ਘਰ, ਗੁਰੂ ਰਾਮਦਾਸ ਲੰਗਰ ਤੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਕੀਤੀ। ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਦਾ ਉਚਾਰਣ ਕੀਤਾ ਗਿਆ। ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਸੁਖਆਸਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਅਸਥਾਨ ਤੇ ਬਿਰਾਜਮਾਨ ਕੀਤਾ ਗਿਆ।