ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦਾ ਤਾਨਾਸ਼ਾਹੀ ਰਵੱਈਆ ਸੰਸਥਾ ਲਈ ਬਣਿਆ ਖ਼ਤਰਾ: ਪ੍ਰੋ. ਬਲਜਿੰਦਰ ਸਿੰਘ

01/05/2021 2:02:42 PM

ਅੰਮ੍ਰਿਤਸਰ (ਅਨਜਾਣ): ਹਵਾਰਾ ਕਮੇਟੀ ਦੇ ਬੁਲਾਰੇ ਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਪੁਰਾਤਨ ਇਤਿਹਾਸਕ ਧਾਰਮਿਕ ਤੇ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਤਾਨਾਸ਼ਾਹੀ ਕਾਰਜਸ਼ੈਲੀ ਦੀਵਾਨ ਦੇ ਭਵਿੱਖ ਲਈ ਖ਼ਤਰਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੀਵਾਨ ਦੇ ਸੰਸਥਾਪਕ ਭਾਈ ਅਰਜਨ ਸਿੰਘ ਬਾਗੜੀਆ ਤੇ ਭਾਈ ਵੀਰ ਸਿੰਘ ਆਦਿ ਨੇ ਬਹੁਤ ਡੂੰਘੀ ਸੋਚ ਨਾਲ ਅੰਕਿਤ ਕੀਤਾ ਸੀ ਕਿ ਦੀਵਾਨ ਖ਼ਾਲਸਾ ਪੰਥ ਦੀ ਆਤਮਿਕ, ਮਾਨਸਿਕ, ਸਦਾਚਾਰਕ, ਵਿਦਿਅਕ, ਭਾਈਚਾਰਕ, ਪਦਾਰਥਕ ਬਿ੍ਰਧੀ ਤੇ ਭਲਾਈ ਦਾ ਉਪਰਾਲਾ ਕਰੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦਾ ਪ੍ਰਚਾਰ ਕਰੇਗਾ। ਇਸ ਮਨੋਰਥ ਦੀ ਪੂਰਤੀ ਲਈ ਦੀਵਾਨ ਦੇ ਮੈਂਬਰ ਕੇਵਲ ਉਹ ਵਿਅਕਤੀ ਹੀ ਹੋਣਗੇ ਜੋ ਅੰਮ੍ਰਿਤਧਾਰੀ, ਨਿੱਤਨੇਮੀ ਤੇ ਮਰਯਾਦਾ ’ਚ ਪਰਪੱਕ ਹੋਣਗੇ। 

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਦੀਵਾਨ ਨੇ ਅੰਮ੍ਰਿਤਧਾਰੀ ਮੈਂਬਰਾਂ ਜਿਨ੍ਹਾਂ ’ਚ ਅਮਰਜੀਤ ਸਿੰਘ ਭਾਟੀਆ, ਸਵਰਗਵਾਸੀ ਗੁਰਿੰਦਰ ਸਿੰਘ ਚਾਵਲਾ, ਸਤਨਾਮ ਸਿੰਘ ਮੁੰਬਈ ਤੇ ਅਵਤਾਰ ਸਿੰਘ ਸ਼ਾਮਲ ਹਨ ਨੂੰ ਦੀਵਾਨ ’ਚੋਂ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਢੰਗ ਨਾਲ ਮਿੱਥੇ ਹੋਏ ਇਕਤਰਫ਼ਾ ਫ਼ੈਸਲੇ ਅਨੁਸਾਰ ਝੂਠੇ ਇਲਜ਼ਾਮ ਲਗਾ ਕੇ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਦੀਵਾਨ ਦੇ ਨਾਦਾਰਸ਼ਾਹੀ ਫ਼ਰਮਾਨ ਦਾ ਅਗਲਾ ਸ਼ਿਕਾਰ ਹੋ ਸਕਦੇ ਨੇ ਪਰ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। 

ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਮੇਰੇ ਤੇ ਲਗਾਏ ਜਾ ਰਹੇ ਦੋਸ਼ ਤੱਥਾਂ ਤੋਂ ਕਿਤੇ ਦੂਰ ਤੇ ਨਿਰਮੂਲ 
ਦੂਸਰੇ ਪਾਸੇ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਮੇਰੇ ਤੇ ਲਗਾਏ ਜਾ ਰਹੇ ਦੋਸ਼ ਤੱਥਾਂ ਤੋਂ ਕਿਤੇ ਦੂਰ ਤੇ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਦੀਵਾਨ ਦੀ ਬਿਹਤਰੀ ਲਈ ਜੋ ਵੀ ਫ਼ੈਸਲਾ ਕੀਤਾ ਜਾਂਦਾ ਹੈ ਉਹ ਦੀਵਾਨ ਦੀ ਸਮੁੱਚੀ ਕਾਰਜਕਾਰਨੀ ਵਲੋਂ ਕੀਤਾ ਜਾਂਦਾ ਹੈ। ਦੀਵਾਨ ਦੇ ਕੁਝ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ਼ ਕਰਨ ਲਈ ਉਨ੍ਹਾਂ ਇਕੱਲਿਆਂ ਨੇ ਨਹੀਂ ਬਲਕਿ ਸਮੁੱਚੀ ਟੀਮ ਨੇ ਫ਼ੈਸਲੇ ਲਏ ਹਨ। ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਮੀਟਿੰਗ ’ਚ ਆ ਕੇ ਆਪਣੀ ਗੱਲ ਰੱਖ ਸਕਦਾ ਹੈ ਪਰ ਇਸ ਤਰ੍ਹਾਂ ਸਿੱਖ ਸੰਸਥਾ ਦਾ ਅਕਸ ਖ਼ਰਾਬ ਕਰਨਾ ਚੰਗੀ ਗੱਲ ਨਹੀਂ ਹੈ। ਉਨ੍ਹਾਂ ਦੀਵਾਨ ਦੇ ਮੈਂਬਰ, ਸਾਬਕਾ ਪੁਲਸ ਅਧਿਕਾਰੀ ਤੇ ਬੀ. ਜੇ. ਪੀ. ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੇ ਕੁਝ ਕਿਸਾਨ ਤੇ ਸਿੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਵਿਰੋਧ ‘ਤੇ ਉਸਦੀ ਮੈਂਬਰਸ਼ਿਪ ਖਾਰਜ ਕਰਨ ਦੀ ਕੀਤੀ ਜਾ ਰਹੀ ਮੰਗ ਸਬੰਧੀ ਕਿਹਾ ਕਿ ਲਾਲਪੁਰਾ ਨੂੰ ਦੀਵਾਨ ਨਾਲ ਸਬੰਧਿਤ ਚਾਰ ਵੱਖ-ਵੱਖ ਸਕੂਲਾਂ ਦੇ ਮੈਂਬਰ ਇੰਚਾਰਜ਼ ਤੇ ਹੋਰਨਾ ਕਮੇਟੀਆਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟਿਸ ਦਾ ਜਵਾਬ ਮਿਲਣ ਉਪਰੰਤ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News