ਪਾਕਿ ਤੋਂ ਇਲਾਵਾ ਇਨ੍ਹਾਂ ਦੇਸ਼ਾਂ ''ਚ ਵੀ ਰਚੀ ਗਈ ਸੀ ਅੰਮ੍ਰਿਤਸਰ ਧਮਾਕੇ ਦੀ ਸਾਜ਼ਿਸ਼
Saturday, Nov 24, 2018 - 07:07 PM (IST)

ਚੰਡੀਗੜ੍ਹ : ਬੀਤੇ ਐਤਵਾਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਹੋਏ ਬੰਬ ਧਮਾਕੇ ਪਿੱਛੇ ਪਾਕਿਸਤਾਨ ਤੋਂ ਇਲਾਵਾ ਇਟਲੀ ਅਤੇ ਦੁਬਈ ਦਾ ਲਿੰਕ ਵੀ ਸਾਹਮਣੇ ਆਇਆ ਹੈ। ਭਾਰਤ ਵਿਚ ਇਸ ਸੰਬੰਧੀ ਹੋਈਆਂ ਗ੍ਰਿਫਤਾਰੀਆਂ ਤੋਂ ਇਲਾਵਾ ਹਮਲੇ ਦੀ ਸਾਜ਼ਿਸ਼ ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਰਚੀ ਗਈ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਖੁਦ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਟਲੀ ਵਿਚ ਬੈਠਾ ਬਾਬਾ ਪਰਮਜੀਤ ਵਡਾਲਾ ਅਤੇ ਪਾਕਿਸਤਾਨ ਦਾ ਨਾਗਰਿਕ ਜਾਵੇਦ ਇਸ ਮਾਮਲੇ ਵਿਚ ਸ਼ਾਮਲ ਹਨ।
ਕਾਨੂੰਨ ਮੁਤਾਬਕ ਵਿਦੇਸ਼ਾਂ ਵਿਚ ਬੈਠੇ ਅਪਰਾਧੀਆਂ ਨੂੰ ਭਾਰਤ ਲਿਆਉਣ ਲਈ ਐਕਸਟਰਾਡੀਸ਼ਨ ਟ੍ਰੀਟੀ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਭਾਰਤ ਕਾਨੂੰਨ ਨੂੰ ਲੋੜੀਂਦੇ ਵਿਦੇਸ਼ੀ ਨਾਗਰਿਕਾਂ ਵਲੋਂ ਕੀਤੇ ਗਏ ਅਪਰਾਧ ਸੰਬੰਧੀ ਐੱਫ. ਆਈ. ਆਰ. ਵਿਚ ਨਾਮ ਦਰਜ ਕਰਨ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਰਾਹੀਂ ਸੰਬੰਧਤ ਦੇਸ਼ਾਂ ਨੂੰ ਲਿਖਿਆ ਜਾਂਦਾ ਹੈ। ਪੰਜਾਬ ਪੁਲਸ ਨੇ ਇਸ ਸੰਬੰਧ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਵਿਚ ਹੋਏ ਕਿਸੇ ਅਪਰਾਧ ਜਾਂ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪੁਲਸ ਨੇ ਐਕਸਟਰਾਡੀਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਹੋਵੇ। ਪੁਲਸ ਪਹਿਲਾਂ ਵੀ ਕਈ ਮਾਮਲਿਆਂ ਵਿਚ ਅਪਰਾਧੀਆਂ ਨੂੰ ਫੜਨ ਲਈ ਇੰਟਰਪੋਲ ਦੀ ਮਦਦ ਲੈ ਰਹੀ ਹੈ।