ਅੰਮ੍ਰਿਤਸਰ ਧਮਾਕੇ ਨੇ ਮੌੜ ਮੰਡੀ ਧਮਾਕੇ ਦੇ ਪੀੜਤਾਂ ਦੇ ਜ਼ਖਮ ਕੀਤੇ ਹਰੇ
Monday, Nov 19, 2018 - 05:28 PM (IST)

ਬਠਿੰਡਾ (ਮਨੀਸ਼)— ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਬੰਬ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ। ਇਸ ਬੰਬ ਧਮਾਕੇ ਦਾ ਸੇਕ ਮੌੜ ਮੰਡੀ ਦੇ ਬੰਬ ਕਾਂਡ ਪੀੜਤਾਂ ਨੂੰ ਵੀ ਪੁੱਜਾ ਹੈ। ਉਨ੍ਹਾਂ ਦੇ ਜ਼ਖਮ ਫਿਰ ਤੋਂ ਇਸ ਕਾਂਡ ਨਾਲ ਹਰੇ ਹੋ ਗਏ ਹਨ। ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਸ ਸਮੇਂ ਪੀੜਤਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਅਜੇ ਤੱਕ ਪੀੜਤਾਂ ਨੂੰ ਨਾ ਤਾਂ ਪੂਰਾ ਮੁਆਵਜ਼ਾ ਮਿਲਿਆ ਤੇ ਨਾ ਹੀ ਇਨਸਾਫ ਮਿਲਿਆ ਹੈ, ਜਿਸ ਕਰਕੇ ਪੀੜਤਾਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਕਾਫੀ ਨਰਾਜ਼ਗੀ ਵੀ ਦੇਖਣ ਨੂੰ ਮਿਲ ਰਹੀ ਹੈ।
ਇਥੇ ਦੱਸਣਾ ਚਾਹੁੰਦੇ ਹਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਜਨ ਸਭਾ ਨੇੜੇ ਇਕ ਮਰੂਤੀ ਕਾਰ ਵਿਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਚਾਰ ਬੱਚਿਆਂ ਸਮੇਤ 2 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਏ ਸਨ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੁਲਸ ਨੇ ਜਾਂਚ ਪੂਰੀ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ੀਆਂ ਤੱਕ ਜਲਦੀ ਪੁੱਜਣ ਦਾ ਖੁਲਾਸਾ ਕੀਤਾ ਸੀ ਪਰ ਫਿਰ ਤੋਂ ਜਾਂਚ ਠੰਡੇ ਬੱਸਤੇ ਵਿਚ ਪਾ ਦਿੱਤੀ। ਪੀੜਤਾਂ ਦਾ ਕਹਿਣਾ ਹੈ ਪੰਜਾਬ ਵਿਚ ਹੋ ਰਹੇ ਬੰਬ ਕਾਂਡ ਉਨ੍ਹਾਂ ਦੇ ਜ਼ਖਮਾਂ ਨੂੰ ਹਰਾ ਕਰ ਦਿੰਦੇ ਹਨ। ਜੇ ਸਰਕਾਰ ਤੇ ਏਜੰਸੀ ਨੇ ਸਮਾਂ ਰਹਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਹੁੰਦਾ ਤਾਂ ਸ਼ਾਇਦ ਅੰਮ੍ਰਿਤਸਰ ਨੇੜਲੇ ਨਿਰੰਕਾਰੀ ਭਵਨ ਵਿਚ ਬੰਬ ਬਲਾਸਟ ਨਾ ਹੁੰਦਾ।
ਉਧਰ ਦੂਜੇ ਪਾਸੇ ਇਸ ਕਾਂਡ ਦੌਰਾਨ ਜ਼ਖਮੀ ਹੋਇਆ ਜਸਕਰਨ ਸਿੰਘ ਅੱਜ ਵੀ ਮੰਜੇ 'ਤੇ ਪਿਆ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। ਪੀੜਤ ਅਤੇ ਪਿੰਡ ਵਾਸੀ ਸਰਕਾਰ ਤੋਂ ਉਸ ਨੂੰ ਕੋਈ ਮਦਦ ਨਾ ਮਿਲਣ ਕਰਕੇ ਕਾਫੀ ਨਿਰਾਸ਼ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਹਲਕੇ ਦੇ ਸੇਵਾਦਾਰ ਹਰਮੰਦਰ ਸਿੰਘ ਜੱਸੀ ਵੀ ਕਦੇ ਪੀੜਤਾਂ ਦੀ ਸਾਰ ਲੈਣ ਨਹੀਂ ਪੁੱਜੇ ਉਨਾਂ ਮਦਦ ਤਾਂ ਕੀ ਕਰਨੀ ਸੀ।