ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਹੁਣ ਸਿੱਧੀ ਉਡਾਣ 20 ਫਰਵਰੀ ਤੋਂ ਸ਼ੁਰੂ

Sunday, Jan 28, 2018 - 10:40 PM (IST)

ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਹੁਣ ਸਿੱਧੀ ਉਡਾਣ 20 ਫਰਵਰੀ ਤੋਂ ਸ਼ੁਰੂ

ਜਲੰਧਰ (ਧਵਨ)— ਪੰਜਾਬ ਦੇ ਲੋਕਾਂ ਨੂੰ ਬਰਤਾਨਵੀ ਸ਼ਹਿਰ ਬਰਮਿੰਘਮ ਜਾਣ ਲਈ ਸਹੂਲਤ ਦੇਣ ਹਿੱਤ ਏਅਰ ਇੰਡੀਆ ਨੇ 20 ਫਰਵਰੀ ਤੋਂ ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਤਾ ਲੱਗਾ ਹੈ ਕਿ ਏ. ਆਈ.-117 ਉਡਾਣ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਹੋਵੇਗੀ। ਏਅਰ ਇੰਡੀਆ ਵਲੋਂ ਇਸ ਨੂੰ ਹਫਤੇ ਵਿਚ ਦੋ ਵਾਰ ਮੰਗਲਵਾਰ ਤੇ ਵੀਰਵਾਰ ਚਲਾਇਆ ਜਾਵੇਗਾ।
ਹੁਣ ਤਕ ਏਅਰ ਇੰਡੀਆ ਵਲੋਂ ਹਫਤੇ ਵਿਚ 7 ਉਡਾਣਾਂ ਅੰਮ੍ਰਿਤਸਰ-ਦਿੱਲੀ-ਬਰਮਿੰਘਮ ਦਰਮਿਆਨ ਚਲਾਈਆਂ ਜਾਂਦੀਆਂ ਹਨ। ਬਰਮਿੰਘਮ ਜਾਣ ਵਾਲੇ ਮੁਸਾਫਰਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਪੈਂਦਾ ਹੈ ਅਤੇ ਦਿੱਲੀ ਵਿਚ 4-5 ਘੰਟੇ ਰੁਕਣ ਪਿੱਛੋਂ ਫਲਾਈਟ ਬਰਮਿੰਘਮ ਲਈ ਰਵਾਨਾ ਹੁੰਦੀ ਹੈ। ਇਸ ਤਰ੍ਹਾਂ ਮੁਸਾਫਰਾਂ ਦੇ 5-6 ਘੰਟੇ ਫਜ਼ੂਲ ਹੀ ਚਲੇ ਜਾਂਦੇ ਹਨ। ਹੁਣ ਏਅਰ ਇੰਡੀਆ ਨੇ ਇਨ੍ਹਾਂ 7 ਫਲਾਈਟਾਂ ਵਿਚੋਂ 2 ਫਲਾਈਟਾਂ ਨੂੰ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਸਿੱਧਾ ਚਲਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਏਅਰ ਇੰਡੀਆ ਨੇ ਅਜੇ ਇਸ ਸਬੰਧੀ ਬਕਾਇਦਾ ਐਲਾਨ ਕਰਨਾ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਉਡਾਣ ਨਾਨ ਸਟਾਪ ਹੋਵੇਗੀ। ਇਸ ਨਵੀਂ ਉਡਾਣ ਜੋ ਏ. ਆਈ.-117 ਦੇ ਨਾਂ ਹੇਠ ਚੱਲੇਗੀ, ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ।
ਪੰਜਾਬ ਤੋਂ ਬਰਮਿੰਘਮ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਬਹੁਤ ਹੁੰਦੀ ਹੈ। ਲੰਬੇ ਸਮੇਂ ਤੋਂ ਮੁਸਾਫਰਾਂ ਵਲੋਂ ਅੰਮ੍ਰਿਤਸਰ ਤੋਂ ਬਰਮਿੰਘਮ ਤਕ ਸਿੱਧੀ ਉਡਾਣ ਦੀ ਮੰਗ ਕੀਤੀ ਜਾ ਰਹੀ ਸੀ। 20 ਫਰਵਰੀ ਤੋਂ ਇਹ ਮੰਗ ਪੂਰੀ ਹੋ ਜਾਵੇਗੀ। ਏਅਰ ਇੰਡੀਆ ਨੇ ਅਜੇ ਇਨ੍ਹਾਂ ਉਡਾਣਾਂ ਸੰਬੰਧੀ ਸਮੇਂ ਤੇ ਮਿਤੀਆਂ ਦਾ ਐਲਾਨ ਕਰਨਾ ਹੈ।


Related News