ਜੱਗੂ ਭਗਵਾਨਪੁਰੀਆ ਮਾਮਲੇ 'ਚ ਬਿਕਰਮ ਮਜੀਠੀਆ 'ਤੇ ਸਿੱਧੂ ਦਾ ਪਲਟਵਾਰ

Thursday, Dec 26, 2019 - 05:10 PM (IST)

ਜੱਗੂ ਭਗਵਾਨਪੁਰੀਆ ਮਾਮਲੇ 'ਚ ਬਿਕਰਮ ਮਜੀਠੀਆ 'ਤੇ ਸਿੱਧੂ ਦਾ ਪਲਟਵਾਰ

ਅੰਮ੍ਰਿਤਸਰ (ਸੁਮਿਤ ਖੰਨਾ) : ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਇਲਜ਼ਾਮ ਲਗਾਉਣ ਵਾਲਿਆਂ ਦੇ ਦਸ ਸਾਲਾਂ ਦੇ ਰਾਜ 'ਚ ਹੀ ਇਹ ਗੈਂਗਸਟਰ ਪੈਦਾ ਹੋਏ ਹਨ ਤੇ ਹੁਣ ਇੰਨ੍ਹਾਂ ਨੂੰ ਹੀ ਧਮਕੀਆਂ ਦੇ ਰਹੇ ਹਨ। ਕਾਨੂੰਨ ਦੀ ਵਿਵਸਥਾ ਪੰਜਾਬ 'ਚ ਉਨ੍ਹਾਂ ਨੇ ਖੁਦ ਹੀ ਖਰਾਬ ਕੀਤੀ ਹੈ। ਇਸ ਦੇ ਨਾਲ ਹੀ ਮੈਡਮ ਨਵਜੋਤ ਕੌਰ ਸਿੱਧੂ ਨੇ ਬਿਜਲੀ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਇਸ ਮਾਮਲੇ 'ਚ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਇੰਨੀ ਸਸਤੀ ਬਿਜਲੀ ਸਭ ਨੂੰ ਮੁਹੱਈਆ ਕਰਵਾ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿਹਾ ਕਿ ਸਿੱਧੂ ਪਰਿਵਾਰ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਮੀਡੀਆ ਨਾਲ ਦੂਰੀ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਲ ਅਜੇ ਕੋਈ ਪ੍ਰੋਜੈਕਟ ਨਹੀਂ। ਇਸ ਲਈ ਉਹ ਮੀਡੀਆ ਨਾਲ ਗੱਲ ਨਹੀਂ ਕਰਦੇ ਪਰ ਜਦੋਂ ਕੁਝ ਹੋਵੇਗਾ ਤਾਂ ਉਹ ਜ਼ਰੂਰ ਮੀਡੀਆ ਨਾਲ ਗੱਲ ਕਰਨਗੇ। ਇਥੇ ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਅੱਜ ਸਲਮ ਇਲਾਕੇ 'ਚ ਅੱਜ ਗਰੀਬ ਬੱਚਿਆਂ ਨੂੰ ਬੂਟ ਅਤੇ ਗਰਮ ਕੱਪੜੇ ਵੰਡਣ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਉਹ ਇਥੇ ਹਮੇਸ਼ਾਂ ਹੀ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੇ ਅੰਮ੍ਰਿਤਸਰ ਈਸਟ ਦੇ ਬੱਚੇ ਗੋਦ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡਾ ਸਿਰਫ ਇਕ ਹੀ ਮਕਸਦ ਹੈ ਕਿ ਇਨ੍ਹਾਂ ਬੱਚਿਆਂ ਨੂੰ ਝੁੱਗੀਆਂ 'ਚੋਂ ਕੱਢ ਕੇ ਪੜ੍ਹਾ-ਲਿਖਾ ਕੇ ਇਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਜੋ ਇਹ ਵਧੀਆਂ ਜੀਵਨ ਬਤੀਤ ਕਰ ਸਕਣ।


author

Baljeet Kaur

Content Editor

Related News