267 ਪਾਵਨ ਸਰੂਪਾਂ ਦੇ ਮਾਮਲੇ 'ਤੇ ਨਿਰਪੱਖ ਜਾਂਚ ਜਾਰੀ,ਆਰੋਪੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਜਥੇਦਾਰ
Wednesday, Jul 22, 2020 - 03:45 PM (IST)
ਅੰਮ੍ਰਿਤਸਰ (ਅਨਜਾਣ) : ਗੁਰਦੁਆਰਾ ਰਾਮਸਾਰ ਸਾਹਿਬ ਤੋਂ ਅੱਗਜਨੀ ਦੀ ਘਟਨਾ ਦੇ ਬਾਅਦ ਗਾਇਬ ਹੋਏ 267 ਸਰੂਪਾਂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਬੁਲਾਈ ਕਾਰਜਕਾਰੀ ਦੀ ਮੀਟਿੰਗ ਵਿੱਚ ਮਤਾ ਪਾਸ ਕਰਨ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਦੀ ਨਿਰਪੱਖ ਜਾਂਚ ਕਰਵਾਉਣ ਸਬੰਧੀ ਬੇਨਤੀ ਕੀਤੀ ਗਈ ਸੀ। ਇਸ 'ਤੇ ਅਧਾਰਿਤ ਸਿੰਘ ਸਾਹਿਬ ਵਲੋਂ ਹਾਈ ਕੋਰਟ ਦੀ ਰਿਟਾਇਰਡ ਜੱਜ ਨਵਿਤਾ ਸਿੰਘ ਤੇ ਉਨ੍ਹਾਂ ਨਾਲ ਸਹਾਇਕ ਦੇ ਤੌਰ 'ਤੇ ਤਿਲੰਗਾਨਾ ਦੇ ਵਕੀਲ ਈਸ਼ਰ ਸਿੰਘ 'ਤੇ ਅਧਾਰਿਤ ਪੜਤਾਲੀਆ ਕਮੇਟੀ ਬਣਾਈ ਗਈ ਸੀ, ਜਿਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸੇ ਸਿਲਸਲੇ 'ਚ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪੜਤਾਲੀਆ ਕਮੇਟੀ ਦੇ ਵਕੀਲ ਈਸ਼ਰ ਸਿੰਘ ਵਿਚਕਾਰ ਮੀਟਿੰਗ ਹੋਈ। ਜਿਸ ਉਪਰੰਤ ਜਾਂਚ ਕਮੇਟੀ ਦਾ ਕਾਰਜ ਅੱਜ ਤੋਂ ਸ਼ੁਰੁ ਹੋ ਗਿਆ।
ਇਹ ਵੀ ਪੜ੍ਹੋਂ : ਲਾਈਵ ਮੈਚ ਦੌਰਾਨ 16 ਸਾਲ ਦੇ ਫੁੱਟਬਾਲਰ 'ਤੇ ਡਿੱਗੀ ਬਿਜਲੀ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦਾ ਪਤਾ ਨਾ ਲੱਗਣਾ ਅਤਿ ਅਫ਼ਸੋਸਜਨਕ ਹੈ। ਇਹ ਮਸਲਾ ਬਹੁਤ ਹੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਸਾਬਕਾ ਵਕੀਲ ਨਵਿਤਾ ਸਿੰਘ ਤੇ ਤਿਲੰਗਾਨਾ ਦੇ ਵਕੀਲ ਈਸ਼ਰ ਸਿੰਘ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਆਪਣੀ ਰਿਪੋਰਟ ਇਕ ਮਹੀਨੇ ਦੇ ਅੰਦਰ-ਅੰਦਰ ਸੌਂਪ ਦੇਣਗੇ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਵਿਚਾਰ-ਵਟਾਂਦਰਾਂ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਦੋਸ਼ੀ ਭਾਵੇਂ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਪਰ ਵਿਰੋਧੀ ਧਿਰਾਂ ਨੂੰ ਅਪੀਲ ਹੈ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ 'ਤੇ ਸਿਆਸਤ ਨਾ ਕਰਨ। ਜਿੰਨੀ ਦੇਰ ਤੱਕ ਜਾਂਚ ਉਪਰੰਤ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਉੰਨੀਂ ਦੇਰ ਕੁਝ ਨਹੀਂ ਕਿਹਾ ਜਾ ਸਕਦਾ। ਰਿਪੋਰਟ ਆਉਣ 'ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਜਾਂਚ ਕਮੇਟੀ ਦੇ ਵਕੀਲ਼ ਈਸ਼ਰ ਸਿੰਘ ਤਿਲੰਗਾਨਾ ਇਸ ਉਪਰੰਤ ਨਾ ਤਾਂ ਕਿਸੇ ਦੇ ਸਾਹਮਣੇ ਆਏ ਤੇ ਨਾ ਹੀ ਉਨ੍ਹਾਂ ਕਿਸੇ ਨੂੰ ਕੋਈ ਬਿਆਨ ਦਿੱਤਾ। ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਜਾਂਚ ਕਮੇਟੀ ਦੇ ਮੁਖੀ ਸਾਬਕਾ ਜੱਜ ਨਵਿਤਾ ਸਿੰਘ ਦੇ ਅੰਮ੍ਰਿਤਸਰ ਆਉਣ ਬਾਰੇ ਚਰਚਾ ਸੀ ਪਰ ਉਹ ਨਹੀਂ ਆਏ।
ਇਹ ਵੀ ਪੜ੍ਹੋਂ : ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ
ਸਕੱਤਰੇਤ ਦੇ ਬਾਹਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦਾ ਮਾਮਲਾ ਅਤਿ ਸੰਵੇਦਨਸ਼ੀਲ ਹੈ। ਇਸ ਲਈ ਇਸ ਦੀ ਜਾਂਚ ਕਰਵਾਉਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ, ਜਿਸ ਦੀ ਜਾਂਚ ਉਨ੍ਹਾਂ ਮਾਣਯੋਗ ਹਾਈਕੋਰਟ ਦੀ ਰਿਟਾਇਰਡ ਜੱਜ ਨਵਿਤਾ ਸਿੰਘ ਤੇ ਤਿਲੰਗਾਨਾ ਦੇ ਵਕੀਲ ਈਸ਼ਰ ਸਿੰਘ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਤੇ ਕੋਈ ਵੀ ਅਪਰਾਧੀ ਬਖਸ਼ਿਆ ਨਹੀਂ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸੌਧਾ ਸਾਧ ਦੀ ਪੌਸ਼ਾਕ ਬਾਰੇ ਮੁਆਫ਼ੀ ਮੰਗਵਾਉਣ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਸਿਆਸੀ ਹਿੱਤਾਂ ਨੂੰ ਮੁੱਖ ਰੱਖਕੇ ਵਿਰੋਧੀ ਧਿਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਗਲਤ ਹੈ।