ਅੰਮ੍ਰਿਤਸਰ ਏਅਰਪੋਰਟ ਤੋਂ 1124 ਗ੍ਰਾਮ ਸੋਨੇ ਦਾ ਪੇਸਟ ਜ਼ਬਤ, ਸਮੱਗਲਰ ਕਾਬੂ
Tuesday, Oct 29, 2019 - 10:43 AM (IST)

ਅੰਮ੍ਰਿਤਸਰ (ਨੀਰਜ) - ਐੱਸ. ਜੀ. ਆਰ. ਡੀ. ਏਅਰਪੋਰਟ ਅੰਮ੍ਰਿਤਸਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਸਮੱਗਲਰ ਤੋਂ 1124 ਗ੍ਰਾਮ ਸੋਨੇ ਦਾ ਪੇਸਟ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵਲੋਂ ਫੜੇ ਗਏ ਸਮੱਗਲਰ ਦਾ ਨਾਂ ਮੁਹੰਮਦ ਜਿਲਾਨੀ ਹੈ। ਉਸ ਨੇ ਦੁਬਈ 'ਚ ਸੋਨੇ ਦਾ ਪੇਸਟ ਬਣਾ ਕੇ ਉਸ ਨੂੰ ਆਪਣੀ ਕਮਰ ਦੀ ਬੈਲਟ ਦੀ ਤਰ੍ਹਾਂ ਆਪਣੀ ਪੈਂਟ 'ਤੇ ਲਾ ਲਿਆ, ਜਿਸ ਨੂੰ ਟਰੇਸ ਪਾਉਣਾ ਆਸਾਨ ਨਹੀਂ ਸੀ। ਅੰਮ੍ਰਿਤਸਰ ਏਅਰਪੋਰਟ ਦੀ ਗੱਲ ਕਰੀਏ ਤਾਂ ਕਸਟਮ ਵਿਭਾਗ ਨੇ ਇਸ ਤਰ੍ਹਾਂ ਦਾ ਪਹਿਲਾ ਕੇਸ ਫੜਿਆ ਹੈ, ਜਿਸ 'ਚ ਸੋਨੇ ਨੂੰ ਪੇਸਟ ਦੇ ਰੂਪ 'ਚ ਬਣਾ ਕੇ ਲੁਕਾਇਆ ਗਿਆ ਹੋਵੇ।
ਕਸਟਮ ਕਮਿਸ਼ਨਰ ਦੀਪਕ ਗੁਪਤਾ ਨੇ ਦੱਸਿਆ ਕਿ ਪੇਸਟ ਦੀ ਜਾਂਚ ਕਰਨ ਤੋਂ ਬਾਅਦ ਉਸ 'ਚ 770 ਗ੍ਰਾਮ ਸੋਨਾ ਮਿਲਿਆ, ਜਿਸ ਦੀ ਕੀਮਤ ਕਰੀਬ 28 ਲੱਖ ਰੁਪਏ ਬਣਦੀ ਹੈ। ਇਸ ਤੋਂ ਪਹਿਲਾਂ ਡੀ. ਆਰ. ਆਈ. ਦੀ ਟੀਮ ਨੇ ਸੋਨੇ ਦੇ ਪੇਸਟ ਦਾ ਇਕ ਕੇਸ ਬਣਾਇਆ ਸੀ। ਅਧਿਕਾਰੀਆਂ ਅਨੁਸਾਰ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਅੱਜਕਲ ਪੇਸਟ ਦੇ ਰੂਪ 'ਚ ਸੋਨੇ ਦੀ ਸਮੱਗਲਿੰਗ ਕਰ ਰਹੇ ਹਨ। ਇਹ ਤਰੀਕਾ ਪੂਰੇ ਵਿਸ਼ਵ ਦੇ ਸਮੱਗਲਰ ਅਪਣਾ ਚੁੱਕੇ ਹਨ ਕਿਉਂਕਿ ਇਸ ਨੂੰ ਟਰੇਸ ਕਰ ਪਾਉਣਾ ਆਸਾਨ ਨਹੀਂ ਹੁੰਦਾ ਹੈ। ਵਿਭਾਗ ਵਲੋਂ ਫੜਿਆ ਗਿਆ ਸਮੱਗਲਰ ਮੁਹੰਮਦ ਜਿਲਾਨੀ ਕਿਸ ਲਈ ਕੰਮ ਕਰਦਾ ਹੈ। ਸੋਨਾ ਕਿਸ ਨੂੰ ਡਲਿਵਰ ਕਰਨ ਵਾਲਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।