ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 292 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 9 ਦੀ ਮੌਤ

09/13/2020 2:28:15 AM

ਅੰਮ੍ਰਿਤਸਰ, (ਜਸ਼ਨ)- ਸ਼ਨੀਵਾਰ ਕੋਰੋਨਾ ਦੇ 292 ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰਵਾਸੀਆਂ ਦੀ ਚਿੰਤਾ ਹੋਰ ਵਧੇਗੀ, ਇਹ ਤੈਅ ਹੈ । ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਨਾਲ-ਨਾਲ ਅੰਮ੍ਰਿਤਸਰ ਜ਼ਿਲੇ ’ਚ ਕੋਰੋਨਾ ਵਾਇਰਸ ਨੇ ਆਪਣੇ ਦਾਇਰੇ ਨੂੰ ਹੋਰ ਵੱਡਾ ਕਰ ਲਿਆ ਹੈ। ਹਾਲਾਤ ਇਹ ਹਨ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਵਾਲਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੀ ਇਸ ਦੀ ਲਪੇਟ ’ਚ ਆਉਣ ਤੋਂ ਬਚ ਨਹੀਂ ਸਕਿਆ। ਅੱਜ ਪਾਜ਼ੇਟਿਵ ਆਏ ਵਿਅਕਤੀਆਂ ਵਿਚ 8 ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਇਸ ਨਾਲ ਹੁਣ ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 1403 ਹੋ ਗਈ ਹੈ, ਜਦੋਂ ਕਿ ਪੂਰੇ ਰਾਜ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 6269 ਤਕ ਪਹੁੰਚ ਗਈ ਹੈ । ਇਸ ਤੋਂ ਇਲਾਵਾ ਹੁਣ ਤਕ ਕੁੱਲ 4617 ਮਰੀਜ਼ ਇਸ ਰੋਗ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਸ਼ਨੀਵਾਰ ਕੁੱਲ 9 ਲੋਕਾਂ ਨੇ ਕੋਰੋਨਾ ਮਹਾਮਾਰੀ ਕਾਰਣ ਆਪਣੀ ਜਾਨ ਗਵਾਈ ਹੈ ।

ਜੇਕਰ ਕੋਰੋਨਾ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਇਸਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ’ਚ ਹੋਰ ਵਾਧਾ ਹੋ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਕੰਮ ਲਈ ਹੀ ਆਪਣੇ ਘਰਾਂ ’ਚੋਂ ਬਾਹਰ ਨਿਕਲਣ, ਤਾਂ ਕਿ ਕੋਰੋਨਾ ਮਹਾਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ । ਲੋਕਾਂ ਨੂੰ ਸੋਸ਼ਲ ਡਿਸਟੈਂਸ, ਮਾਸਕ ਅਤੇ ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰਨਾ ਵੀ ਲਾਜ਼ਮੀ ਕੀਤਾ ਗਿਆ ਹੈ ।

ਨਹੀਂ ਸੁਧਰ ਰਹੇ ਲੋਕ

ਕੋਰੋਨਾ ਜਿੱਥੇ ਵੱਧ ਫੈਲਦਾ ਜਾ ਰਿਹਾ ਹੈ, ਉੱਥੇ ਹੀ ਕਈ ਲੋਕ ਇਸ ਮਹਾਮਾਰੀ ਨੂੰ ਮਜਾਕ ਵਿਚ ਲੈ ਰਹੇ ਹਨ। ਪਿੰਡਾਂ ਅਤੇ ਕਸਬਿਆਂ ’ਚ ਲੋਕ ਇਸ ਮਹਾਮਾਰੀ ਪ੍ਰਤੀ ਜਾਗਰੂਕ ਹੋਣ ਤੋਂ ਇਲਾਵਾ ਇੰਨੇ ਜਾਗਰੂਕ ਅਤੇ ਗੰਭੀਰ ਨਹੀਂ ਹਨ । ਪ੍ਰਸ਼ਾਸਨ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ ਹਨ , ਜਿਸ ਕਾਰਣ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ।

ਅਧਿਕਾਰੀਆਂ ਨੇ ਸਾਫ਼ ਕਿਹਾ ਹੈ ਕਿ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਤਾਂਕਿ ਪਾਜ਼ੇਟਿਵ ਕੇਸਾਂ ਦੇ ਗ੍ਰਾਫ ’ਚ ਗਿਰਾਵਟ ਆ ਸਕੇ । ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰਿਆਂ ਨੂੰ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣ ਦੀ ਵੀ ਅਪੀਲ ਕੀਤੀ ਹੈ। ਇਸ ਨਾਮੁਰਾਦ ਮਹਾਮਾਰੀ ਕਾਰਣ ਹੁਣ ਤਕ ਜ਼ਿਲੇ ਵਿਚ 249 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ- ਬਿੰਨ ਪਾਲਣਾ ਕੀਤੀ ਜਾਵੇ, ਤਾਂ ਕਿ ਐਕਟਿਵ ਕੇਸਾਂ ਦਾ ਗ੍ਰਾਫ ਹੇਠਾਂ ਆ ਸਕੇ । ਉਨ੍ਹਾਂ ਕਿਹਾ ਕਿ ਸਾਵਧਾਨੀ ਨਾਲ ਹੀ ਅਸੀ ਂ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਾਂ।

ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ : ਸੁੰਦਰ ਨਗਰ ਸਥਿਤ ਵਾਸੀ ਬਿਮਲਾ ਰਾਣੀ (80) ਕੋਰੋਨਾ ਵਾਇਰਸ ਕਾਰਣ ਦਮ ਤੋੜ ਗਈ। ਉਹ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾ ਰਹੀ ਸੀ । ਦਸ਼ਮੇਸ਼ ਐਵਨਿਊ ਵਾਸੀ 78 ਸਾਲਾ ਮਹਿੰਦਰ ਸਿੰਘ ਨੇ ਵੀ ਕੋਰੋਨਾ ਕਾਰਣ ਆਪਣੀ ਜਾਨ ਗਵਾ ਦਿੱਤੀ, ਜੋਕਿ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਵਾਸੀ ਮਦਨ ਮੋਹੈ ਕਪੂਰ (78) ਦੀ ਵੀ ਕੋਰੋਨਾ ਕਾਰਣ ਮੌਤ ਹੋ ਗਈ। ਇਨ੍ਹਾਂ ਦਾ ਇਲਾਜ ਪੀ. ਜੀ . ਆਈ. ਚੰਡੀਗੜ ਵਿੱਚ ਚੱਲ ਰਿਹਾ ਸੀ । ਮਜੀਠਾ ਰੋਡ ਵਾਸੀ 78 ਸਾਲਾ ਪ੍ਰਵੀਨ ਕੁਮਾਰ ਵੀ ਕੋਰੋਨਾ ਕਾਰਣ ਮੌਤ ਦੇ ਮੂੰਹ ਵਿਚ ਚਲੀ ਗਈ। ਉਹ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ। ਸੁਨੀਤਾ ਗੁਪਤਾ (64) ਵਾਸੀ ਕਸ਼ਮੀਰ ਐਵੀਨਿਊ ਨੇ ਕੋਰੋਨਾ ਮਹਾਮਾਰੀ ਕਾਰਣ ਆਪਣੀ ਕੀਮਤੀ ਜਾਨ ਗਵਾ ਲਈ। ਉਹ ਵੀ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਕਰਵਾ ਰਹੇ ਸਨ । ਉੱਥੇ ਹੀ ਫਟ ਵਾਲੀ ਗਲੀ ਵਾਸੀ ਸਰਦਾਰਾ ਸਿੰਘ (73 ) ਦੀ ਕੋਰੋਨਾ ਕਾਰਣ ਮੌਤ ਹੋ ਗਈ। ਸਰਦਾਰਾ ਸਿੰਘ ਇਕ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ । ਰਤਨ ਸਿੰਘ ਚੌਕ ਵਾਸੀ ਮਸਤ ਰਾਮ (75) ਅਤੇ ਗਵਾਲ ਮੰਡੀ ਵਾਸੀ ਵਿਜੇ ਕੁਮਾਰ (50) ਵੀ ਕੋਰੋਨਾ ਮਹਾਮਾਰੀ ਤੋਂ ਬਚ ਨਹੀਂ ਸਕੇ । ਇਹ ਦੋਵੇਂ ਸ਼ਨੀਵਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਦਮ ਤੋੜ ਗਏ । ਉੱਥੇ ਹੀ ਪਿੰਡ ਕੋਟਲਾ ਡੂਮ ਵਾਸੀ ਸੋਨਾ ਸਿੰਘ (65) ਵੀ ਕੋਰੋਨਾ ਵਾਇਰਸ ਕਾਰਣ ਜਾਨ ਗਵਾ ਬੈਠੈ। ਉਹ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸਨ।


Bharat Thapa

Content Editor

Related News