ਡੇਰੇ ਦੀ ਗੱਡੀ 'ਚ ਹੈਰੋਇਨ ਦੀ ਢੁਆਈ ਕਰਨ ਵਾਲੇ 2 ਸਮੱਗਲਰ ਪਟਿਆਲਾ ਤੋਂ ਗ੍ਰਿਫਤਾਰ
Friday, Feb 21, 2020 - 03:14 PM (IST)
ਅੰਮ੍ਰਿਤਸਰ (ਜ. ਬ.) : ਸੁਲਤਾਨਵਿੰਡ ਖੇਤਰ 'ਚ ਅਕਾਲੀ ਨੇਤਾ ਦੀ ਕੋਠੀ ਵਿਚ ਬਣਾਈ ਗਈ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਸਪੈਸ਼ਲ ਟਾਸਕ ਫੋਰਸ ਨੇ ਪਟਿਆਲਾ ਤੋਂ ਇਕ ਡੇਰੇ ਦੇ 2 ਸੇਵਾਦਾਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਮਲਕੀਤ ਸਿੰਘ ਅਤੇ ਕੁਲਦੀਪ ਸਿੰਘ ਸ਼ਾਮਲ ਹਨ। ਦੋਵੇਂ ਮੁਲਜ਼ਮ ਡੇਰੇ ਦੀ ਗੱਡੀ 'ਚ ਇਕ ਤੋਂ ਦੂਜੀ ਜਗ੍ਹਾ 'ਤੇ ਹੈਰੋਇਨ ਦੀ ਢੁਆਈ ਕਰਦੇ ਸਨ। ਪੁਲਸ ਨੇ ਮੁਲਜ਼ਮਾਂ ਨਾਲ ਹੈਰੋਇਨ ਦੀ ਢੁਆਈ ਕਰਨ ਵਾਲੀ ਡੇਰੇ ਦੀ ਗੱਡੀ ਵੀ ਰਿਕਵਰ ਕਰ ਲਈ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 5 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਗ੍ਰਿਫਤਾਰ ਮਲਕੀਤ ਸਿੰਘ ਅਤੇ ਕੁਲਦੀਪ ਇਟਲੀ 'ਚ ਇੰਟਰਪੋਲ ਪੁਲਸ ਵੱਲੋਂ ਫੜੇ ਗਏ ਹੈਰੋਇਨ ਸਮੱਗਲਰ ਸਿਮਰਜੀਤ ਸਿੰਘ ਸੰਧੂ ਦਾ ਮਾਲ ਲਿਜਾਂਦੇ ਸਨ, ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਸੁਖਬੀਰ ਸਿੰਘ ਹੈਪੀ ਨਿਰਦੇਸ਼ ਦਿੰਦਾ ਸੀ। ਹਾਲ ਹੀ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਫਿਲਮ ਸਟਾਰ ਮਨਤੇਜ ਸੰਧੂ ਤੇ ਟਰੱਕ ਡਰਾਈਵਰ ਸਮੇਤ 5 ਸਮੱਗਲਰਾਂ ਨੂੰ ਅੱਜ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ।