ਨਵ-ਨਿਯੁਕਤ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਸੰਭਾਲਿਆ ਚਾਰਜ
Friday, Apr 19, 2019 - 09:40 AM (IST)

ਅੰਮ੍ਰਿਤਸਰ (ਅਰੁਣ)-ਹਾਲ ਹੀ ’ਚ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਉਪਰੰਤ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਫੇਰਬਦਲ ਕੀਤੇ ਗਏ ਆਈ. ਪੀ. ਐੱਸ. ਅਧਿਕਾਰੀ ਵਿਕਰਮਜੀਤ ਦੁੱਗਲ ਨੇ ਅੱਜ ਪੁਲਸ ਦੀ ਟੁਕਡ਼ੀ ਵੱਲੋਂ ਦਿੱਤੀ ਗਈ ਗਾਰਡ ਆਫ ਆਨਰ ਸਲਾਮੀ ਉਪਰੰਤ ਆਪਣਾ ਅਹੁਦਾ ਸੰਭਾਲ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਐੱਸ. ਐੱਸ. ਪੀ. ਦੁੱਗਲ ਨੇ ਕਿਹਾ ਕਿ ਸ਼ਾਂਤਮਈ ਚੋਣਾਂ ਨੇਪਰੇ ਚਾਡ਼੍ਹਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਪੁਲਸ-ਪਬਲਿਕ ਨੇਡ਼ਤਾ ’ਚ ਹੋਰ ਨਿਖਾਰ ਲਿਆਂਦਾ ਜਾਵੇਗਾ। ਦੁੱਗਲ ਵੱਲੋਂ ਅੱਜ ਇਕ ਵਿਸ਼ੇਸ਼ ਬੁਲਾਈ ਮੀਟਿੰਗ ਦੌਰਾਨ ਸਮੂਹ ਥਾਣਾ ਮੁਖੀਆਂ ਨਾਲ ਜਾਣ-ਪਛਾਣ ਸਾਂਝੀ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਗਏ। ਸਤੰਬਰ 2018 ’ਚ ਤੇਲੰਗਾਨਾ ਤੋਂ ਪੰਜਾਬ ’ਚ ਲੱਗੇ ਸਨ- 2007 ਬੈਚ ਤੇਲੰਗਾਨਾ ਕੇਡਰ ਦੇ ਆਈ. ਪੀ. ਐੱਸ. ਅਧਿਕਾਰੀ ਵਿਕਰਮਜੀਤ ਦੁੱਗਲ ਵੱਲੋਂ ਸਤੰਬਰ 2018 ’ਚ ਪੰਜਾਬ ਪੁਲਸ ਮਹਿਕਮੇ ’ਚ ਡੈਪੂਟੇਸ਼ਨ ’ਤੇ ਜੁਆਇਨ ਕੀਤਾ ਗਿਆ ਸੀ। ਉਨ੍ਹਾਂ ਦੀ ਪਤਨੀ ਡਾ. ਜਤਿੰਦਰ ਦੁੱਗਲ ਵੀ ਆਈ. ਆਰ. ਐੱਸ. ਅਧਿਕਾਰੀ ਹਨ ਤੇ ਉਨ੍ਹਾ ਦੇ ਪਿਤਾ ਤੋਂ ਇਲਾਵਾ ਦਾਦਾ ਜੀ ਵੀ ਪੰਜਾਬ ਪੁਲਸ ’ਚ ਨੌਕਰੀ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਕਿਸੇ ਸ਼ਿਕਾਇਤ ਦੇ ਹਵਾਲੇ ਨਾਲ ਚੋਣ ਕਮਿਸ਼ਨ ਵੱਲੋਂ ਪਰਮਪਾਲ ਸਿੰਘ ਪੀ. ਪੀ. ਐੱਸ, ਐੱਸ. ਐੱਸ. ਪੀ. ਦਿਹਾਤੀ ਨੂੰ ਫੇਰਬਦਲ ਕਰਦਿਆਂ ਉਨ੍ਹਾਂ ਦੀ ਜਗ੍ਹਾ ਆਈ. ਪੀ. ਐੱਸ. ਅਧਿਕਾਰੀ ਵਿਕਰਮਜੀਤ ਦੁੱਗਲ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਸਨ।