ਪਿੰਗਲਵਾਡ਼ਾ ਵਾਸੀਆਂ ਨੂੰ ਵੋਟਰ ਬਣਾਉਣ ਲਈ ਲੱਗਾ ਕੈਂਪ

03/26/2019 4:42:35 AM

ਅੰਮ੍ਰਿਤਸਰ (ਸਰਬਜੀਤ)-ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਹਰ ਵਰਗ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨਾਲ ਜੋਡ਼ਨ ਦੀ ਕੋਸ਼ਿਸ਼ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਸੇ ਲਡ਼ੀ ਤਹਿਤ ਅੱਜ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਵੱਲੋਂ ਭਗਤ ਪੂਰਨ ਸਿੰਘ ਦੁਆਰਾ ਸਮਾਜ ਦੇ ਲੋਡ਼ਵੰਦ ਵਰਗਾਂ ਲਈ ਸ਼ੁਰੂ ਕੀਤੇ ਪਿੰਗਲਵਾਡ਼ੇ ਦੇ ਵਾਸੀਆਂ ਅਤੇ ਸਹਿਜ਼ਾਦਾ ਨੰਦ ਕਾਲਜ ਵਿਚ ਪਡ਼੍ਹਦੀਆਂ ਵਿਦਿਆਰਥਣਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਵਿਸ਼ੇਸ਼ ਕੈਂਪ ਲਾਏ ਗਏ। ਇਸ ਮੌਕੇ ਜਿੱਥੇ ਉਨਾਂ ਨੂੰ ਬਤੌਰ ਵੋਟਰ ਰਜਿਸਟਰਡ ਕੀਤਾ ਗਿਆ, ਉਥੇ ਵੋਟਿੰਗ ਮਸ਼ੀਨ ਤੇ ਵੀ ਵੀ ਪੈਟ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਨੂੰ ਨੇ ਦੱਸਿਆ ਕਿ ਇੱਥੇ ਰਹਿੰਦੇ ਸਾਰੇ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਣੂੰ ਕਰਵਾ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲਾਏ ਗਏ ਵਿਸ਼ੇਸ਼ ਕੈਂਪ ਵਿਚ 40 ਨਵੀਆਂ ਵੋਟਾਂ ਬਣਾਈਆਂ ਗਈਆਂ ਜਦਕਿ 60 ਦੇ ਕਰੀਬ ਵੋਟਰ ਪਹਿਲਾਂ ਹੀ ਇੱਥੇ ਦਰਜ ਹਨ। ਪੰਨੂੰ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਲਈ ਇਹ ਮੁਹਿੰਮ ਵੋਟਾਂ ਤੱਕ ਜਾਰੀ ਰਹੇਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਸਮਾਜਿਕ ਸੁਰੱਖਿਆ ਵਿਭਾਗ ਅਤੇ ਕੇਅਰ ਹੋਮ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵਕ ਦਵਿੰਦਰ ਸਿੰਘ, ਚੰਦਰ ਪ੍ਰਕਾਸ਼, ਗੁਲਸ਼ਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related News