ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੱਥੂਨੰਗਲ ’ਚ ਲੱਗਾ ਮੈਡੀਕਲ ਕੈਂਪ
Thursday, Feb 14, 2019 - 04:36 AM (IST)

ਅੰਮ੍ਰਿਤਸਰ (ਕੰਬੋ/ਕੁਮਾਰ)-ਜ਼ਿਲਾ ਡਿਪਟੀ ਐੱਮ. ਈ. ਆਈ. ਓ. ਸਿਵਲ ਸਰਜਨ ਦਫ਼ਤਰ ਅਮਰਦੀਪ ਸਿੰਘ ਨੇ ਸਰਪੰਚ ਕੱਥੂਨੰਗਲ ਪ੍ਰੇਮ ਸਿੰਘ ਸੋਨੀ ਦੀ ਅਗਵਾਈ ’ਚ ਪਿੰਡ ਕੱਥੂਨੰਗਲ ਦੇ ਗੁਰਦੁਆਰਾ ਸਾਹਿਬ ’ਚ ਲੱਗੇ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਤੰਦਰੁਸਤ ਪੰਜਾਬ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਵਾਸੀਆਂ ਦੀ ਸਿਹਤ ਨੂੰ ਤੰਦਰੁਸਤ ਕਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਸ ਦੇ ਜ਼ਰੀਏ ਪਿੰਡ-ਪਿੰਡ ਜਾ ਕੇ ਜਿਥੇ ਮੈਡੀਕਲ ਕੈਂਪ ਤੇ ਲੈਬਾਰਟਰੀ ਟੈਸਟ ਰਾਹੀਂ ਸਥਾਨਕ ਲੋਕਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਉਥੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ, ਸਵਾਈਨ ਫਲੂ, ਨਸ਼ੇ ਆਦਿ ਬਾਰੇ ਜਾਣੂ ਕਰਵਾ ਕੇ ਜਾਣਕਾਰੀ ਉਪਲਬਧ ਕਰਵਾਉਣਾ ਹੈ। ਇਸ ਮੌਕੇ ਡਾ. ਸਮੀਰ ਤੇ ਉਨ੍ਹਾਂ ਦੀ ਟੀਮ ਨੇ ਲਗਭਗ 220 ਲੋਕਾਂ ਦਾ ਚੈੱਕਅਪ ਕਰ ਕੇ ਜਿਥੇ ਉਨ੍ਹਾਂ ਨੂੰ ਫ੍ਰੀ ਦਵਾਈ ਉਪਲਬਧ ਕਰਵਾਈ, ਉਥੇ ਆਈ. ਈ. ਸੀ. ਵੈਨ ਜ਼ਰੀਏ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਸੁਨੇਹੇ ਨੂੰ ਪਿੰਡ-ਪਿੰਡ ਪਹੁੰਚਾਇਆ ਗਿਆ। ਇਸ ਮੌਕੇ ਬੀ. ਈ. ਈ. ਰਣਜੀਤ ਕੁਮਾਰ, ਰਿਟਾ. ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਰਮਨਜੀਤ ਸਿੰਘ ਰਿੰਕਾ, ਫਾਰਮਾਸਿਸਟ ਇੰਦਰਜੀਤ ਕੌਰ, ਐੱਲ. ਟੀ. ਸਤਨਾਮ ਸਿੰਘ, ਏ. ਐੱਨ. ਐੱਮ. ਜਤਿੰਦਰ ਕੌਰ, ਜਗਰੂਪ ਕੌਰ ਆਦਿ ਮੌਜੂਦ ਸਨ।