ਪੰਜਾਬ ''ਚ ਜ਼ਮੀਨ ਮਾਲਕਾਂ ਦੀ ਲੱਗੇਗੀ ਲਾਟਰੀ, 5 ਗੁਣਾ ਮਿਲਣਗੇ ਭਾਅ
Wednesday, Apr 16, 2025 - 06:12 PM (IST)

ਪੰਜਾਬ ਡੈਸਕ : ਪੰਜਾਬ ਵਿੱਚ ਜ਼ਮੀਨ ਮਾਲਕਾਂ ਦੀ ਲਾਟਰੀ ਲੱਗਣ ਜਾ ਰਹੀ ਹੈ। ਪੰਜਾਬ ਦੇ 186 ਪਿੰਡਾਂ ਵਿੱਚ ਜ਼ਮੀਨਾਂ ਦੇ ਮਾਲਕਾਂ ਨੂੰ ਜਮੀਨ ਦੇ ਭਾਅ ਮੌਜੂਦਾ ਰੇਟ ਨਾਲੋਂ ਵੀ 5 ਗੁਣਾ ਵੱਧ ਮਿਲਣਗੇ। ਜੀ, ਹਾਂ ਇਹ ਸੱਚ ਹੈ। ਕੇਂਦਰ ਸਰਕਾਰ ਪੰਜਾਬ ਦੇ 186 ਪਿੰਡਾਂ ਵਿੱਚ ਆਪਣੇ ਨਵੇਂ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਜਾ ਰਹੀ ਹੈ, ਜਿਸ ਲਈ ਸਰਕਾਰ ਵਲੋਂ ਜਮੀਨ ਮਾਲਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਮੌਜੂਦਾਂ ਰੇਟ ਨਾਲੋਂ ਵੀ 5 ਗੁਣਾ ਵੱਧ ਭਾਅ ਦੇਣ ਦੀ ਗੱਲ ਆਖੀ ਜਾ ਰਹੀ ਹੈ।
ਦਰਅਸਲ ਕੇਂਦਰ ਵਲੋਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਬੁਲੇਟ ਟਰੇਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਟਰੇਨ ਲਈ ਨਵਾਂ ਰੇਲ ਟ੍ਰੈਕ ਵਿਛਾਇਆ ਜਾਣਾ ਹੈ। ਜਿਸ ਦੀ ਮੈਪਿੰਗ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ। ਸਰਕਾਰ ਵਲੋਂ ਸਰਵੇ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੇ 300 ਤੋਂ ਵੀ ਵੱਧ ਪਿੰਡਾ ਦੀ ਜ਼ਮੀਨ ਐਕੁਆਇਰ ਕਰਨੀ ਹੈ। ਪੰਜਾਬ ਦੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਗਿਣਤੀ 186 ਦੱਸੀ ਜਾ ਰਹੀ ਹੈ। ਜਿਨ੍ਹਾਂ ਵਿੱਚ ਜਲੰਧਰ ਜ਼ਿਲੇ ਦੇ 49 ਪਿੰਡ, ਮੋਹਾਲੀ ਦੇ 39, ਲੁਧਿਆਣਾ ਦੇ 37, ਫਤਿਹਗੜ੍ਹ ਸਾਹਿਬ ਦੇ 25, ਅੰਮ੍ਰਿਤਸਰ ਦੇ 22, ਕਪੂਰਥਲਾ ਦੇ 12 ਅਤੇ ਰੂਪਨਗਰ ਅਤੇ ਤਰਨਤਾਰਨ ਜ਼ਿਲੇ ਦਾ ਇੱਕ-ਇੱਕ ਪਿੰਡ ਸ਼ਾਮਲ ਦੱਸਿਆ ਜਾ ਰਿਹਾ ਹੈ। ਬੁਲੇਟ ਟਰੇਨ ਦਾ ਟਰੈਕ ਇਨ੍ਹਾਂ ਜ਼ਿਲਿਆਂ ਦੇ ਪਿੰਡਾਂ ਵਿੱਚੋਂ ਲੰਘਣਾ ਹੈ, ਜਿਸ ਕਾਰਨ ਸਰਕਾਰ ਵਲੋਂ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਇਹ ਪ੍ਰਾਜੈਕਟ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਪੰਜਾਬੀਆਂ ਨੂੰ ਸਿੱਧਾ ਫਾਇਦਾ ਹੋਵੇਗਾ। ਬੁਲੇਟ ਟਰੇਨ ਰਾਹੀਂ ਲੋਕ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਸਿਰਫ 2 ਘੰਟਿਆਂ ਵਿੱਚ ਕਰ ਸਕਣਗੇ। ਕੇਂਦਰ ਸਰਕਾਰ ਵਲੋਂ ਇਸ ਪ੍ਰਾਜੈਕਟ ਲਈ 61 ਹਜ਼ਾਰ ਕਰੋੜ ਰੁਪਏ ਖ਼ਰਚੇ ਜਾਣੇ ਹਨ।