ਰਾਸ਼ਨ ਕਾਰਡ ਵੇਖ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਦਿੱਤੀ ਜਾਵੇ ਆਗਿਆ

Tuesday, Jan 29, 2019 - 10:32 AM (IST)

ਰਾਸ਼ਨ ਕਾਰਡ ਵੇਖ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਦਿੱਤੀ ਜਾਵੇ ਆਗਿਆ
ਅੰਮ੍ਰਿਤਸਰ (ਸੂਰੀ)-ਹਰ ਗਰੀਬ ਵਿਅਕਤੀ ਆਪਣਾ ਪਾਸਪੋਰਟ ਨਹੀਂ ਬਣਵਾ ਸਕਦਾ ਪਰ ਹਰ ਇਕ ਗੁਰੂ ਨਾਨਕ ਨਾਮ ਲੇਵਾ ਸਿੱਖ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਕਿਉਂ ਨਾ ਹੋਵੇ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਹਰ ਸਿੱਖ ਨੂੰ ਪੰਜਾਬ ਸਰਕਾਰ ਦੁਆਰਾ ਜਾਂਚ ਪਡ਼ਤਾਲ ਤੋਂ ਬਾਅਦ ਬਣਾਇਆ ਗਿਆ ਉਸ ਦਾ ਰਾਸ਼ਨ ਕਾਰਡ ਵੇਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਜਾਵੇ। ਇਹ ਵਿਚਾਰ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਨੇ ਮੁੱਖ ਸਕੱਤਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਂ ’ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਇਕ ਮੰਗ-ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਜਥੇਦਾਰ ਸ਼ੇਰਗਿੱਲ ਨੇ ਦੱਸਿਆ ਕਿ ਸਾਡੀ ਨਿਸ਼ਕਾਮ ਸੇਵਾ ਸੋਸਾਇਟੀ ਜਦੋਂ ਸੰਗਤਾਂ ’ਚ ਪ੍ਰਚਾਰ ਕਰਦਿਆਂ ਵਿਚਰਦੀ ਹੈ ਤਾਂ ਜਨਤਾ ਨੇ ਸੁਝਾਅ ਦਿੱਤੇ ਹਨ ਕਿ ਹਰ ਗਰੀਬ ਪਰਿਵਾਰ ਨੂੰ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰਵਾਉਣ ਦਾ ਸਹੀ ਤਰੀਕਾ ਇਹ ਹੀ ਹੋਵੇਗਾ ਕਿ ਉਸ ਦਾ ਰਾਸ਼ਨ ਕਾਰਡ ਵੇਖ ਉਸ ਨੂੰ ਦਰਸ਼ਨ ਕਰਨ ਦੀ ਆਗਿਆ ਹੋਵੇ। ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ’ਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਫ੍ਰੀ ਕੈਲੰਡਰ ਵੰਡੇ ਜਾਣਗੇ, ਜਿਸ ਦੀ ਆਗਿਆ ਅਤੇ ਜਗ੍ਹਾ ਦਾ ਪ੍ਰਬੰਧ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਰ ਕੇ ਦਿੱਤਾ ਜਾਵੇ। ਇਸ ਮੌਕੇ ਸੁਖਪਾਲ ਸਿੰਘ ਸ਼ੇਰਗਿੱਲ ਜੁਆਇੰਟ ਸਕੱਤਰ ਅਤੇ ਤਹਿਸੀਲ ਪ੍ਰਚਾਰ ਸਕੱਤਰ ਰਾਜਨ ਵੀ ਹਾਜ਼ਰ ਸਨ।

Related News