ਨੌਜਵਾਨਾਂ ''ਚ ਵੱਧ ਰਹੀ ਨਸ਼ਾਖੋਰੀ ਪੰਜਾਬ ਲਈ ਵੱਡੀ ਚੁਣੌਤੀ
Friday, Feb 15, 2019 - 12:04 PM (IST)
ਅੰਮ੍ਰਿਤਸਰ (ਸੰਜੀਵ) : ਨੌਜਵਾਨਾਂ 'ਚ ਵੱਧ ਰਹੀ ਨਸ਼ਾਖੋਰੀ ਪੰਜਾਬ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪਹਿਲਾਂ-ਪਹਿਲ ਅਫੀਮ, ਡੋਡੇ ਤੇ ਭੁੱਕੀ ਨੂੰ ਨਸ਼ੇ ਦੇ ਰੂਪ 'ਚ ਜਾਣਿਆ ਜਾਂਦਾ ਸੀ। ਪੰਜਾਬ ਦੀ ਪੇਂਡੂ ਜਨਸੰਖਿਆ ਦਾ ਇਕ ਵੱਡਾ ਹਿੱਸਾ ਅਫੀਮ ਦਾ ਇਸਤੇਮਾਲ ਕਰਦਾ ਸੀ। ਸਾਲ 2000 ਤੋਂ ਪਹਿਲਾਂ ਜ਼ਿਆਦਾਤਰ ਲੋਕ ਅਫੀਮ ਦੇ ਸ਼ਿਕਾਰ ਸਨ, ਜਿਸ ਤੋਂ ਬਾਅਦ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਸ 'ਤੇ ਸ਼ਿਕੰਜਾ ਕੱਸਿਆ ਜਾਣ ਲੱਗਾ ਤਾਂ ਨਸ਼ੇੜੀਆਂ ਨੂੰ ਇਸ ਦਾ ਵਿਕਲਪ ਫਾਰਮਾ ਡਰੱਗ ਦੇ ਰੂਪ ਵਿਚ ਸਾਹਮਣੇ ਆਇਆ। ਸਾਲ 2007 'ਚ ਨਸ਼ੇ 'ਚ ਫਸੇ ਲੋਕ ਕੈਪਸੂਲ ਤੇ ਗੋਲੀਆਂ ਦਾ ਇਸਤੇਮਾਲ ਕਰਨ ਲੱਗੇ, ਜਿਸ ਤੋਂ ਬਾਅਦ ਹੌਲੀ-ਹੌਲੀ ਰਾਜ 'ਚ ਚਟੋਕਾ ਤੇ ਹੈਰੋਇਨ ਦੀ ਸਪਲਾਈ ਅਚਾਨਕ ਵੱਧ ਗਈ ਅਤੇ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਖਾਣ ਵਾਲੇ ਫਾਰਮਾ ਡਰੱਗ ਤੋਂ ਹਟ ਕੇ ਸਮੈਕ ਦੀ ਪਕੜ ਵਿਚ ਆਉਣ ਲੱਗੇ। ਬੇਸ਼ੱਕ ਇਹ ਨਸ਼ਾ ਮਹਿੰਗਾ ਸੀ ਪਰ ਕਰੀਬ 70 ਫ਼ੀਸਦੀ ਲੋਕਾਂ ਨੇ ਇਸ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ।
ਅਫੀਮ ਦੀ ਖੇਤੀ ਜ਼ਿਆਦਾਤਰ ਰਾਜਸਥਾਨ ਵਿਚ ਹੁੰਦੀ ਸੀ ਤੇ ਪੰਜਾਬ ਵਿਚ ਇਸ ਦੀ ਪੂਰਤੀ ਉਥੋਂ ਕੀਤੀ ਜਾਂਦੀ ਸੀ, ਜਿਵੇਂ ਹੀ ਦੋਵੇਂ ਸਰਕਾਰਾਂ ਦੇ ਤਾਲ-ਮੇਲ ਨਾਲ ਰਾਜਸਥਾਨ ਤੋਂ ਆਉਣ ਵਾਲੀ ਅਫੀਮ ਨੂੰ ਬੰਦ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਛੱਡ ਦਿੱਤਾ ਪਰ ਜਿਨ੍ਹਾਂ ਲੋਕਾਂ ਦੇ ਖੂਨ ਵਿਚ ਇਹ ਵੱਸ ਚੁੱਕੀ ਸੀ ਉਹ ਹੈਰੋਇਨ ਵਰਗੇ ਖਤਰਨਾਕ ਨਸ਼ੇ 'ਚ ਫਸ ਗਏ। ਅੱਜ ਇਹ ਸਿਲਸਿਲਾ ਹੈਰੋਇਨ, ਕੋਕੀਨ ਤੇ ਕਈ ਹੋਰ ਸਿੰਥੈਟਿਕ ਡਰੱਗ ਤੱਕ ਪਹੁੰਚ ਚੁੱਕਾ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਘਰ ਉਜੜ ਰਹੇ ਹਨ। ਇਕ ਹੀ ਸਰਿੰਜ ਨਾਲ ਨਸ਼ਾ ਲੈਣ ਕਾਰਨ ਐੱਚ. ਆਈ. ਵੀ. ਏਡਜ਼ ਤੇ ਹੋਰ ਕਈ ਜਾਨਲੇਵਾ ਬੀਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟ ਅਨੁਸਾਰ ਨਸ਼ਾ ਪੂਰਤੀ ਨਾ ਹੋਣ ਕਾਰਨ ਬਹੁਤ ਸਾਰੇ ਲੋਕ ਆਤਮਹੱਤਿਆ ਤੱਕ ਕਰ ਰਹੇ ਹਨ, ਜਿਨ੍ਹਾਂ 'ਚ ਜ਼ਿਆਦਾ ਮਾਮਲੇ ਪੰਜਾਬ ਵਿਚ ਵੀ ਹੈ।
ਹਰ ਸਾਲ ਪੰਜਾਬ ਤੋਂ ਕਰੀਬ 50 ਹਜ਼ਾਰ ਤੋਂ ਵੀ ਵੱਧ ਬੱਚੇ ਪੜ੍ਹਾਈ ਦੀ ਆੜ 'ਚ ਵਿਦੇਸ਼ਾਂ ਨੂੰ ਜਾ ਰਹੇ ਹਨ। ਇਹ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਨਹੀਂ ਸਗੋਂ ਸੈਟਲ ਹੋਣ ਦੀ ਇੱਛਾ ਨਾਲ ਜਾ ਰਹੇ ਹਨ, ਜਿਸ ਪਿੱਛੇ ਦਾ ਮੁੱਖ ਕਾਰਨ ਡਰੱਗ ਸਾਹਮਣੇ ਆਇਆ ਹੈ। ਘਰ ਵਾਲਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਪੰਜਾਬ ਦੇ ਕਾਲਜਾਂ 'ਚ ਸੁਰੱਖਿਅਤ ਨਹੀਂ ਹੈ ਤੇ ਉਹ ਇਥੇ ਰਹਿ ਕੇ ਪੜ੍ਹੇਗਾ ਤਾਂ ਉਸ ਨੂੰ ਕਿਤੇ ਨਾ ਕਿਤੇ ਨਸ਼ੇ ਦੀ ਲੱਤ ਲੱਗ ਸਕਦੀ ਹੈ, ਜਿਸ ਕਾਰਨ ਅੱਜ ਮਾਤਾ-ਪਿਤਾ ਲੱਖਾਂ ਰੁਪਏ ਖਰਚ ਕਰ ਕੇ ਆਪਣੇ ਬੱਚਿਆਂ ਨੂੰ ਇਕ ਸੁਰੱਖਿਅਤ ਭਵਿੱਖ ਲਈ ਵਿਦੇਸ਼ਾਂ 'ਚ ਭੇਜ ਰਹੇ ਹਨ। ਇਥੋਂ ਤੱਕ ਕਿ ਬਹੁਤ ਸਾਰੇ ਘਰਾਂ ਵਾਲੇ ਕਰਜ਼ਾ ਚੁੱਕ ਕੇ ਵੀ ਆਪਣੇ ਬੱਚਿਆਂ ਨੂੰ ਇਥੇ ਪੜ੍ਹਾਉਣ ਦੀ ਬਜਾਏ ਵਿਦੇਸ਼ ਭੇਜਣਾ ਬਿਹਤਰ ਸਮਝਦੇ ਹਨ। ਅੱਜ ਹਰ ਚੌਥਾ ਵਿਅਕਤੀ ਕਿਸੇ ਨਾ ਕਿਸੇ ਨਸ਼ੇ ਦੀ ਲੱਤ ਨਾਲ ਜੁੜਿਆ ਹੋਇਆ ਹੈ।
ਮਰਨ ਵਾਲਿਆਂ ਦੀ ਵੱਧ ਰਹੀ ਹੈ ਗਿਣਤੀ
ਨਸ਼ੇ ਦੀ ਲੱਤ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦੇ ਮਰਨ ਦਾ ਗਿਣਤੀ ਵੱਧਦੀ ਜਾ ਰਹੀ ਹੈ, ਜੋ ਪੰਜਾਬ ਲਈ ਇਕ ਚਿੰਤਾ ਦਾ ਵਿਸ਼ਾ ਹੈ। ਮਰਨ ਵਾਲੇ ਨੌਜਵਾਨਾਂ 'ਚ ਅੱਧੇ ਤੋਂ ਵੱਧ ਉਹ ਲੋਕ ਹਨ ਜੋ ਆਪਣੇ ਦੋਸਤਾਂ ਦੇ ਦਬਾਅ 'ਚ ਆ ਕੇ ਨਸ਼ੇ ਦਾ ਸੇਵਨ ਕਰ ਕੇ ਇਸ ਦੇ ਜਾਲ ਵਿਚ ਫਸਦੇ ਚਲੇ ਜਾਂਦੇ ਹਨ ਤੇ ਫਿਰ ਹੌਲੀ-ਹੌਲੀ ਇਸ ਦੀ ਗ੍ਰਿਫਤ ਵਿਚ ਆ ਕੇ ਆਪਣੀ ਜਾਨ ਤੱਕ ਗੁਆ ਬੈਠਦੇ ਹਨ।
ਖੇਡ ਦੇ ਮੈਦਾਨ 'ਚ ਵੀ ਪੱਛੜ ਰਿਹਾ ਪੰਜਾਬ
ਖੇਡ ਦੇ ਮੈਦਾਨ 'ਚ ਆਪਣੀ ਇਕ ਵੱਖਰੀ ਪਛਾਣ ਰੱਖਣ ਵਾਲਾ ਪੰਜਾਬ ਅੱਜ ਆਪਣੀ ਸਾਖ ਬਚਾਉਣ ਵਿਚ ਲੱਗਾ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਓਲੰਪਿਅਕ 'ਚ ਜਾਣ ਵਾਲੇ ਖਿਡਾਰੀਆਂ ਵਿਚ ਮੈਡਲ ਹਾਸਲ ਕਰਨ ਵਾਲਿਆਂ 'ਚ ਜ਼ਿਆਦਾਤਰ ਪੰਜਾਬੀ ਹੁੰਦੇ ਸਨ। 2018 ਦੇ ਅੰਕੜਿਆਂ 'ਚ ਆਈ ਭਾਰੀ ਗਿਰਾਵਟ ਕਾਰਨ ਹੁਣ ਲੱਗਣ ਲੱਗਾ ਹੈ ਕਿ ਪੰਜਾਬ ਖੇਡ ਦੇ ਮੈਦਾਨ ਵਿਚ ਵੀ ਪੱਛੜ ਰਿਹਾ ਹੈ, ਜਿਸ ਪਿੱਛੇ ਜਵਾਨ ਪੀੜ੍ਹੀ 'ਚ ਵੱਧ ਰਿਹਾ ਨਸ਼ੇ ਦਾ ਰੁਝਾਨ ਸਾਹਮਣੇ ਆਇਆ ਹੈ।
ਐੱਸ. ਐੱਸ. ਸ੍ਰੀਵਾਸਤਵ, ਪੁਲਸ ਕਮਿਸ਼ਨਰ ਅੰਮ੍ਰਿਤਸਰ
ਨਸ਼ਾ ਸਮੱਗਲਿੰਗ ਕਰਨ ਵਾਲਿਆਂ ਵਿਰੁੱਧ ਪੁਲਸ ਨੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਿਆ ਹੋਇਆ ਹੈ। ਇਕ ਪਾਸੇ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਜੇਲਾਂ ਵਿਚ ਭੇਜਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਨਸ਼ਿਆਂ ਵਿਚ ਫਸੀ ਨੌਜਵਾਨ ਪੀੜ੍ਹੀ ਦੀ ਕੌਂਸਲਿੰਗ ਦੇ ਬਾਅਦ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਵੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਤੰਦਰੁਸਤ ਹੋਣ ਦੇ ਬਾਅਦ ਸਮਾਜ ਵਿਚ ਇਕ ਚੰਗੇ ਨਾਗਰਿਕ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕਣ। ਪੰਜਾਬ ਪੁਲਸ ਵਲੋਂ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ, ਉਥੇ ਹੀ ਸਰਕਾਰ ਉਨ੍ਹਾਂ ਦੇ ਲਈ ਰੋਜਗਾਰ ਦੇ ਮੌਕੇ ਵੀ ਪੈਦਾ ਕਰ ਰਹੀ ਹੈ ਤਾਂ ਕਿ ਨੌਜਵਾਨ ਕਿਸੇ ਮਾਨਸਿਕ ਤਣਾਅ ਦੇ ਬਿਨਾਂ ਆਪਣਾ ਕੰਮ-ਧੰਦਾ ਕਰ ਸਕਣ।