ਕਾਂਗਰਸੀ ਨੇਤਾ ਦੇ ਘਰ ਪੁੱਜ ਅਕਾਲੀ ਨੇਤਾ ਨੇ ਕੀਤਾ ਦੁੱਖ ਸਾਂਝਾ (ਵੀਡੀਓ)
Monday, Jun 11, 2018 - 02:27 PM (IST)
ਅੰਮ੍ਰਿਤਸਰ (ਛੀਨਾ, ਸੁਮਿਤ ਖੰਨਾ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਸਬੰਧੀ 10 ਦਿਨਾਂ ਬਾਅਦ ਵੀ ਦੋਸ਼ੀਆਂ ਦੇ ਨਾ ਫੜੇ ਜਾਣ 'ਤੇ ਰੋਸ ਦਾ ਪ੍ਰਗਟਾਵਾਂ ਕੀਤਾ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਇਹ ਹਾਦਸਾ ਵਾਪਰਨ 'ਤੇ ਸਰਕਾਰ ਵਲੋਂ ਦੋਸ਼ੀਆਂ ਨੂੰ ਨਾ ਗ੍ਰਿਫਤਾਰ ਕੀਤੇ ਜਾਣਾ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ। ਮਜੀਠੀਆ ਨੇ ਗੁਰਦੀਪ ਪਹਿਲਵਾਨ ਦੀ ਮਾਤਾ ਗੁਰਮੀਤ ਕੌਰ, ਪੁੱਤਰ ਅਭੀਰਾਜ ਸਿੰਘ, ਪੁੱਤਰੀ ਸਿਮਰਨ ਕੌਰ , ਪੁੱਤਰ ਐਸ਼ਦੀਪ, ਪਤਨੀ ਰਾਜਬੀਰ ਕੌਰ, ਭਰਾ ਹਰਦੀਪ ਸਿੰਘ ਤੇ ਸੁਖਬੀਰ ਸਿੰਘ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਸਮੇਂ ਕਿਹਾ ਕਿ ਗੁਰਦੀਪ ਪਹਿਲਵਾਨ ਇਕ ਸੁਲਝੇ ਤੇ ਦਰਿਆਦਿਲ ਇਨਸਾਨ ਸਨ, ਜਿਨ੍ਹਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ ਤੇ ਸਮਾਜ ਦੇ ਭਲੇ ਨੂੰ ਹਮੇਸ਼ਾ ਸਮਰਪਿਤ ਰਹੇ। ਉਨ੍ਹਾਂ ਲੋਕਾਂ 'ਚ ਪਿਆਰ ਵੰਡਿਆ, ਜਿਸ ਸਦਕਾ ਉਹ ਅੱਜ ਇਥੇ ਆਏ ਹਨ।
ਉਨ੍ਹਾਂ ਨੇ ਪਰਿਵਾਰ ਦੀ ਮੰਗ ਦੀ ਪ੍ਰੋੜ੍ਹਤਾ ਕਰਦਿਆਂ ਸਰਕਾਰ ਤੋਂ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਦੋਸ਼ੀ ਤੁਰੰਤ ਫੜੇ ਜਾਣੇ ਚਾਹੀਦੇ ਹਨ। ਉਨ੍ਹਾਂ ਰਾਜ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ।