ਇਕ ਹੱਥ ਗੁਆ ਚੁੱਕੀ ਵੀਨਾ ਨੇ ਕੌਮੀ ਖੇਡਾਂ ''ਚ ਕੀਤਾ ਕਮਾਲ, ਬਣੀ ਹੋਰਨਾਂ ਲਈ ਮਿਸਾਲ
Friday, Sep 29, 2017 - 11:48 AM (IST)
ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਦੀ ਵੀਨਾ ਅਰੋੜਾ ਨੇ ਵਿਸ਼ੇਸ਼ ਖਿਡਾਰੀਆਂ ਦੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਮੈਡਲ ਜਿੱਤ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਜਾਣਕਾਰੀ ਮੁਤਾਬਕ ਲਗਭਗ 17 ਸਾਲ ਪਹਿਲਾਂ ਇਲਾਜ ਦੌਰਾਨ ਵੀਨਾ ਅਰੋੜਾ (42) ਆਪਣਾ ਇਕ ਹੱਥ ਗੁਆ ਚੁੱਕੀ ਹੈ। ਇਕ ਹੱਥ ਨਾ ਹੋਣ ਦੇ ਬਾਵਜੂਦ ਵੀਨਾ ਨੇ 2013 'ਚ ਦਿੱਲੀ 'ਚ ਹੋਏ ਸਟੇਟ ਪੈਰਾ ਓਲੰਪਿਕ ਮੁਕਾਬਲੇ 'ਚ ਸ਼ਾਟਪੁੱਟ ਮੁਕਾਬਲੇ 'ਚ ਸੋਨ ਤਗਮਾ, 14ਵੀਂ ਸੀਨੀਅਰ ਅਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ 'ਚ ਸ਼ਾਟਫੁੱਟ ਅਤੇ ਡਿਸਕਸ ਥਰੋਅ 'ਚ ਸੋਨੇ ਅਤੇ ਚਾਂਦੀ ਦਾ ਤਗਮਾ, 15ਵੇਂ ਮੁਕਾਬਲਿਆ 'ਚ ਮੁੜ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਉਹ ਕੌਮਾਂਤਰੀ ਪੱਧਰ 'ਤੇ 2014 'ਚ ਟੁਨੀਸ਼ੀਆ, ਚੌਥੀ ਸ਼ਾਰਜਾਹ ਓਪਨ ਅਥਲੈਟਿਕ ਮੀਟ ਦੁਬਈ 'ਚ ਹਿੱਸਾ ਲੈ ਚੁੱਕੀ ਹੈ। 2016 'ਚ ਉਸ ਨੇ 16ਵੀਂ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ 'ਚ ਜੈਵਲਿਨ ਥਰੋਅ ਅਤੇ ਡਿਸਕਸ ਥਰੋਅ 'ਚ ਚਾਂਦੀ ਦੇ ਤਗਮੇ ਜਿੱਤੇ ਹਨ। ਅਥਲੈਟਿਕ ਤੋਂ ਬਾਅਦ ਹੁਣ ਉਹ ਤਾਇਕਵਾਂਡੋ ਖਿਡਾਰਨ ਬਣ ਗਈ ਹੈ। ਉਸ ਨੇ 2016 'ਚ ਫਿਲਪੀਨਜ਼ 'ਚ ਹੋਏ ਮੁਕਾਬਲੇ 'ਚ ਤਾਇਕਵਾਂਡੋ 'ਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਬਾਅਦ ਅਕਤੂਬਰ 'ਚ ਲੰਡਨ 'ਚ ਹੋ ਰਹੀ ਵਿਸ਼ਵ ਪੈਰਾ ਓਲੰਪਿਕ ਚੈਂਪੀਅਨਸ਼ਿਪ ਅਤੇ ਨਵੰਬਰ-ਸਤੰਬਰ 'ਚ ਪੁਰਤਗਾਲ 'ਚ ਹੋਣ ਵਾਲੀਆਂ ਵਿਸ਼ਵ ਖੇਡਾ 'ਚ ਹਿੱਸਾ ਲਵੇਗਾ।
ਵੀਨਾ ਅਰੋੜਾ ਨੇ ਦੱਸਿਆ ਕਿ ਉਸ ਨੂੰ ਲਗਭਗ 17 ਸਾਲ ਪਹਿਲਾਂ ਇਨਫੈਕਸ਼ਨ ਹੋਈ ਸੀ ਤੇ ਇਲਾਜ ਦੌਰਾਨ ਗੈਂਗਰੀਨ ਕਾਰਨ ਉਸ ਦਾ ਹੱਥ ਚਲਾ ਗਿਆ। ਇਸ ਹਾਦਸੇ ਤੋਂ ਬਾਅਦ ਉਸ ਦੇ ਪਤੀ ਨੇ ਵੀ ਉਸ ਨੂੰ ਛੱਡ ਦਿੱਤਾ। ਉਸ ਸਮੇਂ ਉਸ ਬੇਟਾ ਬਹੁਤ ਛੋਟਾ ਸੀ ਤੇ ਉਹ ਆਪਣੇ ਬੇਟੇ ਨਾਲ ਆਪਣੇ ਪੇਕਿਆ ਘਰ ਆ ਗਈ, ਜਿੱਥੇ ਆ ਕੇ ਉਸ ਨੇ ਆਪਣਾ ਨਵਾਂ ਜੀਵਨ ਨਵੇਂ ਸਿਰਿਉਂ ਸ਼ੁਰੂ ਕੀਤਾ। ਹੁਣ ਉਹ ਆਪਣੇ ਗੁਜ਼ਾਰੇ ਲਈ ਬਲੌਕ ਪ੍ਰਿਟਿੰਗ ਦਾ ਕੰਮ ਕਰਦੀ ਹੈ ਤੇ ਨਾਲ ਹੀ ਖੇਡਾ ਨਾਲ ਜੁੜੀ ਹੋਈ ਹੈ।
ਵੀਨਾ ਅਰੋੜਾ ਨੇ ਦੱਸਿਆ ਕਿ 2000 'ਚ ਉਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਇਆ, ਉਸ ਵੇਲੇ ਉਹ ਸਿਰਫ 25 ਵਰ੍ਹਿਆ ਦੀ ਸੀ। ਜ਼ਿੰਦਗੀ 'ਚ ਇਹ ਦੋ ਵੱਡੇ ਹਾਦਸੇ ਵਾਪਰਨ ਮਗਰੋਂ ਉਸ ਨੇ 2007 'ਚ ਮੁੜ ਪੜ੍ਹਾਈ ਸ਼ੁਰੂ ਕੀਤੀ ਤੇ ਬੀ. ਕਾਮ ਕੀਤੀ। ਸੱਜਾ ਹੱਥ ਕੱਟੇ ਜਾਣ ਮਗਰੋਂ ਉਹ ਖੱਬੇ ਹੱਥ ਨਾਲ ਸਾਰੇ ਕੰਮ ਕਰਦੀ ਹੈ। ਉਸ ਦਾ ਹੁਣ ਪੁੱਤਰ ਹੁਣ ਬੀ. ਟੈੱਕ ਕਰ ਰਿਹਾ ਹੈ। ਖੇਡਾ ਵੱਲ ਰੁਝਾਨ ਬਾਰੇ ਉਸ ਨੇ ਦੱਸਿਆ ਕਿ 2010 'ਚ ਦਿੱਲੀ 'ਚ ਉਸ ਨੂੰ ਇਕ ਵਿਅਕਤੀ ਮਿਲਿਆ ਸੀ, ਜਿਸ ਨੇ ਉਸ ਨੂੰ ਵਿਸ਼ੇਸ਼ ਖੇਡਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਸ ਨੇ ਇਸ ਲਈ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸਿਖਲਾਈ ਵੀ ਲਈ ਅਤੇ ਫਿਰ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ।
