ਅੰਮ੍ਰਿਤਸਰ ਦੇ ਵਾਲਮੀਕਿ ਮੰਦਿਰ ’ਤੇ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ, ਮਾਰੀਆ ਬੋਤਲਾਂ

Monday, Nov 16, 2020 - 09:36 AM (IST)

ਅੰਮ੍ਰਿਤਸਰ ਦੇ ਵਾਲਮੀਕਿ ਮੰਦਿਰ ’ਤੇ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ, ਮਾਰੀਆ ਬੋਤਲਾਂ

ਅੰਮ੍ਰਿਤਸਰ (ਟੋਡਰਮੱਲ, ਇੰਦਰਜੀਤ): ਹਾਥੀ ਗੇਟ ਦੇ ਅੰਦਰ ਸਥਿਤ ਵਾਲਮੀਕਿ ਮੁਹੱਲੇ 'ਚ ਸਥਿਤ ਵਾਲਮੀਕਿ ਮੰਦਰ ਦੇ ਬਾਹਰ ਦੀਵਾਲੀ ਦੀ ਦੇਰ ਰਾਤ ਇਕ ਭਾਈਚਾਰੇ ਦੇ ਵੱਡੀ ਗਿਣਤੀ 'ਚ ਲੋਕਾਂ ਅਤੇ ਵਾਲਮੀਕਿ ਭਾਈਚਾਰੇ ਵਿਚ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਇੱਟਾਂ-ਪੱਥਰ ਚੱਲਣੇ ਸ਼ੁਰੂ ਹੋ ਗਏ। ਵਾਲਮੀਕਿ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ ਲੋਕ ਮੰਦਰ 'ਤੇ ਹਮਲਾ ਕਰਨ ਆਏ ਸਨ ਅਤੇ ਉਨ੍ਹਾਂ ਨੇ ਮੰਦਿਰ 'ਚ ਸਥਿਤ ਮੂਰਤੀ ਦੇ ਨੇੜੇ ਪਥਰਾਅ ਕੀਤਾ ਅਤੇ ਮੂਰਤੀ ਦੀ ਮਰਿਆਦਾ ਭੰਗ ਕਰ ਦਿੱਤੀ। ਇਸ ਦੇ ਨਾਲ ਹੀ ਆਸਪਾਸ ਦੇ ਘਰਾਂ 'ਚ ਸੋਢੇ ਦੀਆਂ ਬੋਤਲਾਂ ਮਾਰੀਆਂ। ਲੋਕਾਂ ਵਿਚਾਲੇ ਇੰਨੀ ਦਹਿਸ਼ਤ ਪੈਦਾ ਹੋ ਗਈ ਕਿ ਉਹ ਘਰਾਂ 'ਚੋਂ ਬਾਹਰ ਨਹੀਂ ਨਿਕਲੇ। ਮੌਕੇ 'ਤੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਪਹੁੰਚ ਗਈ ਅਤੇ ਸਥਿਤੀ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਤਿਉਹਾਰ ਮੌਕੇ ਘਰ 'ਚ ਪਏ ਕੀਰਨੇ, ਕਰਜ਼ੇ ਤੋਂ ਦੁਖੀ ਕਿਸਾਨ ਜੋੜੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਕਥਿਤ ਹਮਲਾਵਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੰਦਿਰ 'ਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਜਲਦ ਕਾਰਵਾਈ ਨਾ ਹੋਈ ਤਾਂ ਉਹ ਭਲਕੇ ਇਸ ਸਬੰਧੀ ਕੇਂਦਰੀ ਵਾਲਮੀਕਿ ਮੰਦਰ ਵਿਚ ਇਕੱਠੇ ਹੋ ਕੇ ਨਵੀਂ ਰਣਨੀਤੀ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ 'ਤੇ ਦਬਾਅ ਪਾਉਣ ਲਈ ਹੋਰ ਵਰਗ ਦੇ ਲੋਕਾਂ ਨੇ ਯੋਜਨਾ ਤਹਿਤ ਹਮਲਾ ਕੀਤਾ ਹੈ, ਜਿਸ ਨੂੰ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ। ਵਾਲਮੀਕਿ ਮੰਦਿਰ ਦੇ ਪ੍ਰਧਾਨ ਸ਼ਿਵਮ ਕੁਮਾਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਯੂਨੀਅਨ ਦੇ ਪ੍ਰਧਾਨ ਦਵਿੰਦਰ ਕੁਮਾਰ ਰਾਜਾ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ 11 ਵਜੇ 5-6 ਵਿਅਕਤੀ ਵਾਲਮੀਕਿ ਮੰਦਿਰ ਦੇ ਅੱਗੇ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਆਪਸ ਵਿਚ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਮੰਦਿਰ ਵਿਚ ਬੈਠੇ ਲੋਕਾਂ ਨੂੰ ਗਾਲਾਂ ਕੱਢਣ ਲੱਗ ਪਏ। ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਇਹ ਸਮਝਿਆ ਕਿ ਹੁਣ ਝਗੜਾ ਖਤਮ ਹੋ ਚੁੱਕਾ ਹੈ। ਇਸ ਉਪਰੰਤ ਮੰਦਿਰ ਵਿਚ ਬੈਠੇ ਲੋਕ ਵੀ ਆਪਣੇ ਘਰਾਂ ਨੂੰ ਚਲੇ ਗਏ।

ਇਹ ਵੀ ਪੜ੍ਹੋ :  ਦੀਵਾਲੀ ਮੌਕੇ ਘਰ 'ਚ ਪਏ ਕੀਰਨੇ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮਾਪਿਆਂ ਦਾ ਜਵਾਨ ਪੁੱਤ

ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਰਾਤ 12 ਵਜੇ ਵੱਡੀ ਗਿਣਤੀ ਵਿਚ ਇਕ ਹੀ ਭਾਈਚਾਰੇ ਦੇ ਲੋਕ ਇਲਾਕੇ ਵਿਚ ਹਮਲਾ ਕਰਨ ਲਈ ਪਹੁੰਚ ਗਏ। ਉਨ੍ਹਾਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਲੋਕਾਂ ਦੇ ਘਰਾਂ 'ਤੇ ਬੋਤਲਾਂ ਦੇ ਨਾਲ-ਨਾਲ ਇੱਟਾਂ ਚਲਾਈਆਂ। ਮੰਦਿਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਮਲਾਵਰ ਲੋਕਾਂ ਨੇ ਮੰਦਿਰ 'ਤੇ ਜੰਮ ਕੇ ਇੱਟਾਂ-ਰੋੜੇ ਚਲਾਏ। ਭਗਵਾਨ ਵਾਲਮੀਕਿ ਦੀ ਮੂਰਤੀ 'ਤੇ ਇੱਟਾਂ-ਰੋੜੇ ਚਲਾਉਣ ਕਾਰਣ ਗੁੱਸੇ ਵਿਚ ਆਏ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਏ. ਸੀ. ਪੀ. ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਇਸ ਨੂੰ ਮੰਦਿਰ 'ਤੇ ਹਮਲਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਮੰਦਿਰ ਵਿਚ ਇੱਟਾਂ ਜ਼ਰੂਰ ਪਈਆਂ ਸਨ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਖਿਲਾਫ ਧਾਰਾ 323, 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਅਤੇ 148-149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਰਨੇ 'ਤੇ ਬੈਠੇ ਭੁਪਿੰਦਰ ਸਿੰਘ ਸੋਨੂੰ, ਰੋਹਿਤ ਖੋਖਰ, ਹੈਪੀ ਭੀਲ, ਯੋਗਰਾਜ ਮਲਹੋਤਰਾ, ਵਿਮਲ ਕੁਮਾਰ, ਸ਼ਬੀਰ ਦ੍ਰਾਵਿੜ, ਕਰਨ ਮੱਟੂ, ਸੁੱਖ ਵਾਲਮੀਕਿ, ਚਾਂਦ ਕੁਮਾਰ, ਲਾਭ ਸਿੰਘ, ਗਰੀਬ ਦਾਸ ਨਾਹਰ ਅਤੇ ਰਾਹੁਲ ਮਲਿਕ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਨਾ ਹੋਈ ਤਾਂ ਭਲਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਦੀਵਾਲੀ ਮੌਕੇ ਵੱਡੀ ਵਾਰਦਾਤ, ਚੌਕੀਦਾਰ ਨੇ ਗੋਲੀਆਂ ਨਾਲ ਭੁੰਨ੍ਹੀ ਪਤਨੀ
 


author

Baljeet Kaur

Content Editor

Related News