ਰੇਲ ਹਾਦਸੇ ਦੇ 38 ਜ਼ਖਮੀਆਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

Monday, Oct 29, 2018 - 10:21 AM (IST)

ਰੇਲ ਹਾਦਸੇ ਦੇ 38 ਜ਼ਖਮੀਆਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

ਅੰਮ੍ਰਿਤਸਰ/ਚੰਡੀਗੜ੍ਹ (ਕਮਲ) : ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ ਵਿਖੇ  ਵਾਪਰਿਆ ਰੇਲ ਹਾਦਸਾ, ਜਿਸ ਵਿਚ 58 ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਵੱਖ-ਵੱਖ  ਹਸਪਤਾਲਾਂ ਵਿਚ ਦਾਖਲ ਹਨ, ਦਾ ਭਾਵੇਂ ਇਲਾਜ ਸਰਕਾਰ ਵੱਲੋਂ ਆਪਣੇ ਖਰਚੇ 'ਤੇ ਕਰਵਾਇਆ ਜਾ  ਰਿਹਾ ਹੈ ਪਰ ਜ਼ਖਮੀ ਵਿਅਕਤੀਆਂ ਦੇ ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਉਨਾਂ ਨੂੰ ਫੌਰੀ ਮਾਲੀ  ਮਦਦ ਵਜੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੇਲ ਹਾਦਸੇ ਦੇ ਪੀੜਤਾਂ ਨੂੰ  ਰਾਹਤ ਦੇਣ ਲਈ ਬਣਾਈ ਗਈ ਮੰਤਰੀਆਂ ਦੀ ਕਮੇਟੀ ਦੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ,  ਸਾਧੂ ਸਿੰਘ ਧਰਮਸੋਤ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਨਵਜੋਤ ਸਿੰਘ ਸਿੱਧੂ ਨੇ ਜਿੱਥੇ 5  ਹਸਪਤਾਲਾਂ ਵਿਚ ਜਾ ਕੇ ਦਾਖਲ ਮਰੀਜ਼ਾਂ ਦੀ ਸਾਰ ਲਈ, ਉਥੇ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ  50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੀ ਦਿੱਤੇ।  
ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੋਈ ਵੀ ਮਰੀਜ਼ ਇਲਾਜ  ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਹਰੇਕ ਮਰੀਜ਼ ਨੂੰ ਪੂਰਾ ਤੰਦਰੁਸਤ ਕਰਕੇ ਹਸਪਤਾਲ  ਵਿਚੋਂ ਛੁੱਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਮੈਡੀਕਲ ਜ਼ਰੂਰਤ ਪੂਰੀ  ਹੋਣ ਤੱਕ ਜਾਰੀ ਰਹਿਣਾ ਚਾਹੀਦਾ ਹੈ, ਚਾਹੇ ਉਸ ਲਈ ਕਿੰਨਾ ਵੀ ਸਮਾਂ ਜਾਂ ਪੈਸਾ ਕਿਉਂ ਨਾ  ਲੱਗੇ। ਉਨ੍ਹਾਂ ਡਾਕਟਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਉਕਤ ਮਰੀਜ਼ਾਂ ਦਾ ਧਿਆਨ ਰੱਖਣ ਤੇ ਹਰ  ਲੋੜ ਪੂਰੀ ਕਰਨ।  

ਕੈਬਨਿਟ ਮੰਤਰੀ ਧਰਮਸੋਤ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਜਿੱਥੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ  ਜ਼ਖਮੀਆਂ ਦੇ ਇਲਾਜ ਵਿਚ ਕਿਸੇ ਤਰ੍ਹੰ ਦੀ ਕਮੀ ਨਾ ਰਹਿਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ  ਹਨ। ਧਰਮਸੋਤ ਨੇ ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ  ਨੌਕਰੀ ਦੇਣ ਦੇ ਕੀਤੇ ਐਲਾਨ 'ਤੇ ਸੰਤਸ਼ੁਟੀ ਜ਼ਾਹਿਰ ਕਰਦੇ ਕਿਹਾ ਕਿ ਇਹ ਇਨ੍ਹਾਂ ਦੇ ਜੀਵਨ  ਨਿਰਬਾਹ ਵਿਚ ਸਹਾਈ ਹੋਵੇਗਾ।  
ਸਰਕਾਰੀਆ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ  ਪੀੜਤਾਂ ਦੀ ਸਾਰ ਲੈਣ ਲਈ ਕੀਤੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨਾ ਕੇਵਲ ਹਸਪਤਾਲਾਂ ਵਿਚ ਜਾ ਕੇ ਮਰੀਜ਼ਾਂ  ਦਾ ਹਾਲ ਪੁੱਛਿਆ, ਬਲਕਿ ਮ੍ਰਿਤਕ ਅਤੇ ਜ਼ਖਮੀ ਵਿਅਕਤੀਆਂ ਨੂੰ ਮਾਲੀ ਮਦਦ ਦੇਣ ਵਿਚ ਕੋਈ  ਕਸਰ ਬਾਕੀ ਨਹੀਂ ਛੱਡੀ।  

ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਪੀੜਤ ਪਰਿਵਾਰ  ਮੇਰਾ ਪਰਿਵਾਰ ਹਨ ਅਤੇ ਮੈਂ ਇਨ੍ਹਾਂ  ਦੇ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ  ਸਾਂਭ-ਸੰਭਾਲ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਇਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਨਾਨਕ ਹਸਪਤਾਲ ਵੱਲੋਂ ਦਾਖਲ  ਮਰੀਜ਼ਾਂ ਦੀ ਕੀਤੀ ਗਈ ਸਾਂਭ-ਸੰਭਾਲ ਅਤੇ ਇਲਾਜ ਤੋਂ ਖੁਸ਼ ਹੋ ਕੇ ਸਿਹਤ ਮੰਤਰੀ ਨੇ ਮਰੀਜ਼ਾਂ   ਦੇ ਕੰਮ ਆਉਣ ਵਾਲੀ ਮਸ਼ੀਨਰੀ ਖਰੀਦਣ ਵਾਸਤੇ ਸਿਹਤ ਮੰਤਰੀ  ਬ੍ਰਹਮ ਮਹਿੰਦਰਾ ਨੇ  ਆਪਣੇ ਅਖਤਿਆਰੀ ਫੰਡ ਵਿਚੋਂ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ  ਸਿੰਘ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਐੱਸ. ਡੀ. ਐੱਮ.  ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।  


Related News