ਸੋਨੇ ਦੀਆਂ ਇੱਟਾਂ ਚੋਰੀ ਮਾਮਲੇ ''ਚ ਪੁਲਸ ਨੂੰ ਮਿਲੀ ਇਕ ਹੋਰ ਸਫਲਤਾ
Friday, Aug 02, 2019 - 03:58 PM (IST)
ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਦੇ ਬਹੁ-ਚਰਚਿਤ ਸੋਨੇ ਦੀਆਂ ਇੱਟਾਂ ਚੋਰੀ ਵਾਲੇ ਮਾਮਲੇ 'ਚ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਕਤ ਦੋਸ਼ੀ ਦੀ ਪਛਾਣ ਰਾਜਬੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇੱਕ ਸੋਨੇ ਦੀ ਇੱਟ, 1 ਲੱਖ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਰਾਣੀ-ਕਾ-ਬਾਗ ਇਲਾਕੇ ਦੇ ਇਕ ਘਰ 'ਚ ਚੋਰੀ ਹੋਈ ਸੀ, ਉਸ ਘਰ 'ਚ ਕੰਮ ਕਰਦੀ ਨੌਕਰਾਣੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ 5 ਸੋਨੇ ਦੀਆਂ ਇੱਟਾਂ ਅਤੇ 1 ਕਰੋੜ ਦੀ ਨਗਦੀ ਚੋਰੀ ਕੀਤੀ ਸੀ। ਪਿਛਲੇ ਮਹੀਨੇ ਪੁਲਸ ਨੇ ਕਾਰਵਾਈ ਕਰਦਿਆਂ ਨਗਦੀ 28 ਲੱਖ ਅਤੇ 2 ਸੋਨੇ ਦੀਆਂ ਇੱਟਾਂ ਦੀ ਬਰਾਮਦਗੀ ਕਰ ਲਈ ਸੀ।
ਹੁਣ ਤੱਕ ਇਸ ਮਾਮਲੇ 'ਚ 6 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜਿਸ 'ਚ ਪੁਲਸ ਨੇ 30 ਲੱਖ ਦੇ ਕਰੀਬ ਨਗਦੀ ਅਤੇ 3 ਸੋਨੇ ਦੀਆਂ ਇੱਟਾਂ ਬਰਾਮਦ ਕਰ ਲਈਆਂ ਹਨ। ਪਰ ਅਜੇ ਵੀ ਇਸ ਮਾਮਲੇ 'ਚ 2 ਸੋਨੇ ਦੀਆਂ ਇੱਟਾਂ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।