ਪਰਿਵਾਰ ਦੇ ਤਿੰਨ ਮੈਂਬਰ ਗੁਆਉਣ ਵਾਲੀ ਸੁਖਵੰਤ ਕੌਰ ਲਈ ਇਕ ਵਾਰ ਫਿਰ ਜਾਗੀ ਇਨਸਾਫ ਦੀ ਉਮੀਦ
Tuesday, Aug 28, 2018 - 11:43 AM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੀ ਸੁਖਵੰਤ ਕੌਰ ਦੇ ਪਤੀ ਤੇ ਪਿਤਾ ਨੂੰ ਪੁਲਸ ਨੇ ਕਰੀਬ 26 ਸਾਲ ਪਹਿਲਾਂ ਚੁੱਕ ਲਿਆ ਸੀ ਤੇ ਉਹ ਵਾਪਸ ਫਿਰ ਕਦੀ ਘਰ ਨਹੀਂ ਪਰਤੇ। ਇਸ ਮਾਮਲੇ 'ਚ ਇਨਸਾਫ ਮੰਗ ਰਹੀ ਇਸ ਔਰਤ ਨੂੰ ਉਸ ਵੇਲੇ ਆਸ ਦੀ ਕਿਰਨ ਦਿਖਾਈ ਦਿੱਤੀ ਜਦੋਂ ਸੀ.ਬੀ.ਆਈ. ਦੀ ਮੁਹਾਲੀ ਸਥਿਤ ਅਦਾਲਤ ਵਲੋਂ ਇਸ ਮਾਮਲੇ ਉਸ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਸੁਖਵੰਤ ਕੌਰ (76) ਡੀ.ਪੀ.ਆਈ. ਵਜੋਂ ਸੇਵਾਮੁਕਤ ਹੋਈ ਹੈ। ਉਸ ਦੇ ਪਿਤਾ ਤੇ ਪਤੀ ਨੂੰ ਪੁਲਸ ਵਲੋਂ ਚੁੱਕੇ ਜਾਣ ਦੇ ਮਾਮਲੇ 'ਚ ਪਹਿਲੀ ਵਾਰ 1998 'ਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਤੇ ਇਸ ਤੋਂ ਬਾਅਦ 2006 ਤੇ 2007 'ਚ ਇਹ ਆਦੇਸ਼ ਦਿੱਤੇ ਗਏ ਸਨ। 2008 'ਚ ਕੇਸ਼ਸ ਸ਼ੁਰੂ ਹੋਇਆ ਸੀ ਪਰ ਸੁਪਰੀਮ ਕੋਰਟ ਵਲੋਂ ਦੋ ਵਾਰ ਇਸ ਦੇ ਟਰਾਇਲ ਨੂੰ ਰੋਕ ਦਿੱਤਾ ਗਿਆ। ਹੁਣ ਲਗਭਗ ਇਕ ਹਫਤਾ ਪਹਿਲਾਂ ਇਸ ਕੇਸ 'ਚ ਉਸ ਦੇ ਬਿਆਨ ਕਲਮਬੰਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਪੰਜਾਬ 'ਚ ਅੱਤਵਾਦ ਦੇ ਦਿਨਾਂ ਦੌਰਾਨ ਸੁਖਵੰਤ ਕੌਰ ਨੇ ਆਪਣੇ ਪਰਿਵਾਰ ਦੇ ਤਿੰਨ ਜੀਅ ਗੁਆਏ ਹਨ। ਉਸ ਨੇ ਦੋਸ਼ ਲਗਾਇਆ ਕਿ ਪਰਿਵਾਰ ਦੇ ਤਿੰਨੋਂ ਮੈਂਬਰ ਪੁਲਸ ਵਧੀਕੀ ਦਾ ਨਿਸ਼ਾਨਾ ਬਣੇ ਹਨ। ਅਕਤੂਬਰ 1992 'ਚ ਉਸ ਦੇ ਪਤੀ ਸੁਖਦੇਵ ਸਿੰਘ ਤੇ ਪਿਤਾ ਸੁਲੱਖਣ ਸਿੰਗ ਨੂੰ ਸਰਹਾਲੀ ਪੁਲਸ ਨੇ ਚੁੱਕ ਲਿਆ ਸੀ। ਇਸ ਉਪਰੰਤ ਉਸ ਦੇ ਵੱਡੇ ਲੜਕੇ ਬਲਜਿੰਦਰ ਸਿੰਘ ਨੂੰ ਵੀ ਪੁਲਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਤੇ ਲਾਸ਼ ਨੂੰ ਲਵਾਰਿਸ ਦਸ ਦੇ ਸਸਕਾ ਕਰ ਦਿੱਤਾ ਗਿਆ। ਉਸ ਦਾ ਪਤੀ ਸਰਕਾਰੀ ਸਕੂਲ 'ਚ ਵਾਈਸ ਪ੍ਰਿੰਸੀਪਲ ਸੀ, ਜਦਕਿ ਉਸ ਦੇ ਪਿਤਾ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਮੋਘਾ ਮੋਰਚਾ ਦੌਰਾਨ ਲਾਹੌਰ 'ਚ ਜੇਲ ਵੀ ਕੱਟੀ ਸੀ। ਉਸ ਨੇ ਦੱਸਿਆ ਕਿ ਅਕਤੂਬਰ 1992 'ਚ ਉਸ ਦੇ ਪਿਤਾ ਉਨ੍ਹਾਂ ਨੂੰ ਮਿਲਣ ਆਏ ਹੋਏ ਸਨ। ਇਸ ਦੌਰਾਨ ਸਰਹਾਲੀ ਪੁਲਸ ਦੋਵਾਂ ਨੂੰ ਚੁੱਕ ਲੈ ਗਈ। ਉਨ੍ਹਾਂ ਨੂੰ ਤਿੰਨ ਦਿਨ ਨਾਜਾਇਜ਼ ਹਿਰਾਸਤ 'ਚ ਰੱਖਿਆ ਗਿਆ ਤੇ ਮਗਰੋਂ ਉਨ੍ਹਾਂ ਦਾ ਲਾਪਤਾ ਹੋਣ ਇਕ ਭੇਦ ਬਣ ਗਿਆ। ਬਾਅਦ 'ਚ ਪੁਲਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਪਿਤਾ ਤੇ ਪਤੀ ਨਹੀਂ ਚੁੱਕਿਆ ਹੈ। ਇਕ ਦਿਨ ਜਬਰੀ ਪੁਲਸ ਅਧਿਕਾਰੀਆਂ ਨੇ ਉਸ ਕੋਲੋਂ ਚਿੱਟੇ ਕਾਗਜ਼ 'ਤੇ ਦਸਤਖਤ ਕਰਵਾ ਲਏ ਤੇ ਮਗਰੋਂ ਉਸ ਦੇ ਪਤੀ ਦੀ ਮੌਤ ਦਾ ਸਰਟੀਫਿਕੇਟ ਦੇ ਦਿੱਤਾ, ਜਿਸ 'ਚ ਇਹ ਦਾਅਵਾ ਕੀਤਾ ਗਿਆ ਕਿ ਉਸ ਦੀ ਕੁਦਰਤੀ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਪਤੀ ਤੇ ਪਿਤਾ ਚੁੱਕੇ ਜਾਣ ਮਗਰੋਂ ਸਿਰਫ 26 ਦਿਨ ਬਾਅਦ ਹੀ ਉਸ ਦੇ ਵੱਡੇ ਲੜਕੇ ਨੂੰ ਵੀ ਪੁਲਸ ਵਧੀਕੀ ਦਾ ਨਿਸ਼ਾਨਾ ਬਣਾਇਆ ਗਿਆ। ਉਹ ਅੰਮ੍ਰਿਧਾਰੀ ਨੌਜਵਾਨ ਸੀ ਤੇ ਪੋਲੀਟੈਕਨਿਕ ਸੰਸਥਾ ਦਾ ਵਿਦਿਆਰਥੀ ਸੀ। ਉਸ ਨੂੰ ਪਹਿਲਾਂ ਸੀ.ਆਰ.ਪੀ.ਐੱਫ. ਨੇ ਇਕ ਬੱਸ 'ਚੋਂ ਉਤਾਰ ਕੇ ਕਾਬੂ ਕਰ ਲਿਆ ਤੇ ਉਸ ਦੀ ਅਣਮਨੁੱਖੀ ਤੌਰ 'ਤੇ ਕੁੱਟਮਾਰ ਕੀਤੀ ਤੇ ਪੁਲਸ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ। ਉਸ ਨੇ ਦੋਸ਼ ਲਗਾਇਆ ਕਿ ਪੁਲਸ ਨੇ ਉਸ ਦੇ ਲੜਕੇ ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ। ਉਸ ਨੇ ਕਿਹਾ ਕਿ ਲਗਭਗ ਢਾਈ ਸਾਲ ਬਾਅਦ ਇਸ ਮਾਮਲੇ 'ਚ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਇਸ ਦੌਰਾਨ ਉਸ ਦੇ ਪਰਿਵਾਰ ਨੂੰ ਕੋਈ ਸਰਕਾਰੀ ਮਦਦ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਜੇਕਰ ਬੇਅੰਤ ਸਿੰਘ ਦੇ ਪੋਤੇ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਕਿਉਂ ਨਹੀਂ, ਉਨ੍ਹਾਂ ਦਾ ਕੀ ਕਸੂਰ ਸੀ।