ਸ਼ਹਿਰ ਦੇ ਵੱਡੇ ਸ਼ਾਲ ਵਪਾਰੀ ਨੇ ਸਟੈਂਪ ਪੇਪਰ ''ਤੇ ਲਿਖਿਆ ਸੁਸਾਈਡ ਨੋਟ, ਮਚਿਆ ਹੜਕੰਪ

Saturday, Jul 06, 2019 - 12:28 PM (IST)

ਸ਼ਹਿਰ ਦੇ ਵੱਡੇ ਸ਼ਾਲ ਵਪਾਰੀ ਨੇ ਸਟੈਂਪ ਪੇਪਰ ''ਤੇ ਲਿਖਿਆ ਸੁਸਾਈਡ ਨੋਟ, ਮਚਿਆ ਹੜਕੰਪ

ਅੰਮ੍ਰਿਤਸਰ (ਸਫਰ) : ਸ਼ਹਿਰ ਦੇ ਵੱਡੇ ਸ਼ਾਲ ਵਪਾਰੀ ਪ੍ਰਵੀਨ ਕੁਮਾਰ ਗੁਪਤਾ ਵਾਸੀ 110 ਆਨੰਦ ਐਵੀਨਿਊ ਵੱਲੋਂ 50 ਰੁਪਏ ਦੇ ਸਟੈਂਪ ਪੇਪਰ 'ਤੇ ਲਿਖੇ 9 ਪੇਜਾਂ ਦੇ ਲੈਮੀਨੇਸ਼ਨ ਸੁਸਾਈਡ ਨੋਟ ਨਾਲ ਹੜਕੰਪ ਮਚ ਗਿਆ ਹੈ। ਸੁਸਾਈਡ ਨੋਟ ਵਿਚ ਕੁਲ 16 ਲੋਕਾਂ ਦੇ ਨਾਂ ਹਨ, ਜਿਸ ਦੇ ਆਧਾਰ 'ਤੇ ਥਾਣਾ ਜੀ. ਆਰ. ਪੀ. ਨੇ ਅੰਮ੍ਰਿਤਸਰ ਕੇਂਦਰੀ ਜੇਲ ਵਿਚ ਤਾਇਨਾਤ ਡਾ. ਸਵਿੰਦਰ ਸਿੰਘ ਅਤੇ ਲੁਧਿਆਣਾ ਦੇ ਸਾਬਕਾ ਡੀ. ਏ. ਲੀਗਲ ਸਮੇਤ ਉਨ੍ਹਾਂਂ ਦੇ ਪਰਿਵਾਰ ਨੂੰ ਨਾਮਜ਼ਦ ਕੀਤਾ ਹੈ। ਕ੍ਰਾਈਮ ਸ਼ੋਅ 'ਵਾਰਦਾਤ' ਬਣਾਉਣ ਵਾਲੇ ਨਾਲ ਵੀ 1 ਨਾਮਜ਼ਦ ਦੋਸ਼ੀ ਜੁੜਿਆ ਹੈ, 5 ਔਰਤਾਂ ਹਨ, 3 ਡਾਕਟਰ ਅਤੇ 1 ਗੈਂਗਸਟਰ। ਕੁਲ 6 ਲੋਕਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਬੀਤੇ ਦਿਨੀਂ ਪ੍ਰਵੀਨ ਕੁਮਾਰ ਗੁਪਤਾ ਦੁਪਹਿਰ 1 ਵੱਜ ਕੇ 40 ਮਿੰਟ 'ਤੇ ਆਪਣੀ ਦੁਕਾਨ (ਸ਼ਾਸਤਰੀ ਮਾਰਕੀਟ) ਤੋਂ ਨਿਕਲਿਆ। ਪੁੱਤਰ ਅਤੁਲ ਦੁਕਾਨ 'ਤੇ ਹੀ ਸੀ। ਦੁਪਹਿਰ ਬਾਅਦ ਕਰੀਬ 5 ਵਜੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਉਨ੍ਹਾਂ ਦੇ ਪਿਤਾ ਨੇ ਜੌੜਾ ਫਾਟਕ ਕੋਲ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸ਼ਾਨ-ਏ-ਪੰਜਾਬ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ਤੋਂ 9 ਪੇਜਾਂ ਦਾ ਸੁਸਾਈਡ ਨੋਟ ਮਿਲਿਆ ਹੈ। ਥਾਣਾ ਜੀ. ਆਰ. ਪੀ. ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਸ਼ੁੱਕਰਵਾਰ ਦੁਪਹਿਰ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
~
~'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਜੀ. ਆਰ. ਪੀ. ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੁਸਾਈਡ ਨੋਟ ਦੇ ਆਧਾਰ 'ਤੇ 16 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਦੋਸ਼ੀਆਂ 'ਚ ਅੰਮ੍ਰਿਤਸਰ ਸੈਂਟਰਲ ਜੇਲ 'ਚ ਤਾਇਨਾਤ ਡਾ. ਸਵਿੰਦਰ ਸਿੰਘ ਸਮੇਤ 2 ਹੋਰ ਡਾਕਟਰ ਹਨ, 1 ਗੈਂਗਸਟਰ ਅਤੇ 5 ਔਰਤਾਂ ਹਨ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੇਸ ਹੈ, ਜਿਸ ਵਿਚ ਸੁਸਾਈਡ ਨੋਟ ਸਟੈਂਪ ਪੇਪਰ 'ਤੇ ਲਿਖਿਆ ਅਤੇ ਲੈਮੀਨੇਸ਼ਨ ਕੀਤਾ ਹੋਇਆ ਹੈ। ਮਾਮਲਾ ਦਰਜ ਹੋ ਚੁੱਕਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਸਥਾਨਕ ਪੁਲਸ ਦੀ ਮਦਦ ਨਾਲ ਛਾਪੇਮਾਰੀ ਕਰਨ ਵਿਚ ਜੁੱਟ ਗਈ ਹੈ।

ਟੀ. ਵੀ. ਸੀਰੀਅਲ ਬਣਾਉਣ ਲਈ ਪੈਸਾ ਮੰਗਿਆ ਤਾਂ ਦੇਣ ਲੱਗਾ ਧਮਕੀ
ਮ੍ਰਿਤਕ ਪ੍ਰਵੀਨ ਕੁਮਾਰ ਗੁਪਤਾ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਹਰਸ਼ੁਲ ਗਰਗ ਟੀ. ਵੀ. ਸ਼ੋਅ 'ਵਾਰਦਾਤ' ਬਣਾਉਣ ਲਈ ਉਨ੍ਹਾਂ ਤੋਂ ਕਰੀਬ ਸਾਢੇ 13 ਲੱਖ ਰੁਪਏ ਲੈ ਚੁੱਕਾ ਸੀ। ਬਾਅਦ ਵਿਚ ਧਮਕੀ ਦੇਣ ਲੱਗਾ ਕਿ ਪੈਸਾ ਮੰਗਿਆ ਤਾਂ ਝੂਠਾ ਕੇਸ ਪਵਾ ਦੇਵਾਂਗਾ। ਮਿੱਤਰ ਸੇਨ ਗੋਇਲ ਸਾਰੀ ਸਾਜ਼ਿਸ਼ ਦਾ ਮਾਸਟਰਮਾਈਂਡ ਹੈ।

ਡਾ. ਸਵਿੰਦਰ ਅਤੇ ਡਾ. ਮਨੀਸ਼ ਦੀ ਮਿਲੀਭੁਗਤ ਨਾਲ ਹੋਇਆ ਕੰਮ
ਮ੍ਰਿਤਕ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਡਾ. ਸਵਿੰਦਰ ਸਿੰਘ ਅਤੇ ਡਾ. ਮਨੀਸ਼ ਗੁਪਤਾ ਦੀ ਮਿਲੀਭੁਗਤ ਨਾਲ ਇਹ ਸਾਰਾ ਕੰਮ ਹੋਇਆ ਹੈ। ਪੋਸਟਮਾਰਟਮ ਰਿਪੋਰਟ ਬਣਾਉਣ ਤੋਂ ਲੈ ਕੇ ਵਿਰਸਾ 'ਚ ਘਪਲੇ ਦੇ ਪਿੱਛੇ ਇਨ੍ਹਾਂ ਲੋਕਾਂ ਦਾ ਹੱਥ ਹੈ। 10 ਅਪ੍ਰੈਲ 2018 ਨੂੰ ਵਿਨੀਤ, ਸ਼ਿਵ ਜਿੰਦਲ, ਹਰਸ਼ੁਲ, ਕੁਨਾਲ, ਲਲਿਤ ਆਏ ਤੇ ਮੇਰੀ ਪਤਨੀ ਦੇ ਕੱਪੜੇ ਪਾੜ ਗਏ, ਅਲਮਾਰੀ 'ਚੋਂ 63 ਹਜ਼ਾਰ ਰੁਪਏ ਕੱਢ ਲਏ ਪਰ ਪੁਲਸ ਨੇ ਮਾਮਲਾ ਹੀ ਦਰਜ ਨਹੀਂ ਕੀਤਾ। ਵਿਨੀਤ ਗੋਇਲ, ਕੁਨਾਲ ਬਾਂਸਲ, ਰੀਟਾ ਜਿੰਦਲ, ਸ਼ਿਵ ਜਿੰਦਲ, ਲਲਿਤ ਗਰਗ ਅਤੇ ਵਿਨੇ ਗਰਗ ਨੇ ਗਹਿਣੇ ਲੁੱਟ ਲਏ।

ਇਨ੍ਹਾਂ ਖਿਲਾਫ ਦਰਜ ਹੋਇਆ ਮਾਮਲਾ
ਪ੍ਰਵੀਨ ਕੁਮਾਰ ਗੁਪਤਾ ਦੇ ਸੁਸਾਈਡ ਨੋਟ ਦੇ ਆਧਾਰ 'ਤੇ ਜੀ. ਆਰ. ਪੀ. ਥਾਣੇ 'ਚ ਨਾਮਜ਼ਦ ਦੋਸ਼ੀਆਂ ਵਿਚ ਵੱਡੀਆਂ ਹਸਤੀਆਂ ਸ਼ਾਮਿਲ ਹਨ, ਉਥੇ ਹੀ 3 ਡਾਕਟਰਾਂ ਸਮੇਤ 5 ਔਰਤਾਂ ਵੀ ਹਨ। ਪਟਿਆਲਾ, ਲੁਧਿਆਣਾ ਅਤੇ ਸੰਗਰੂਰ ਨਾਲ ਜੁੜੇ ਦੋਸ਼ੀ ਹਨ। ਲੁਧਿਆਣਾ ਦੇ ਗੈਂਗਸਟਰ ਕੁਨਾਲ ਬਾਂਸਲ ਅਤੇ ਅੰਮ੍ਰਿਤਸਰ ਕੇਂਦਰੀ ਜੇਲ 'ਚ ਤਾਇਨਾਤ ਡਾ. ਸਵਿੰਦਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਮ੍ਰਿਤਕ ਦੇ ਰਿਸ਼ਤੇਦਾਰ ਹਨ। ਹਰਸ਼ੁਲ ਗਰਗ, ਵਿਨੋਦ ਗਰਗ, ਮੀਨਾ ਗਰਗ, ਸਾਕਸ਼ੀ ਗਰਗ, ਮਿੱਤਰ ਸੇਨ ਗੋਇਲ, ਵਿਨਿਤ ਗੋਇਲ, ਰੀਤੂ ਗਰਗ ਗੋਇਲ, ਸਤੀਸ਼ ਗੁਪਤਾ, ਡਾ. ਮਨੀਸ਼ ਗੁਪਤਾ, ਕੁਸੁਮ ਗੁਪਤਾ, ਡਾ. ਆਰ. ਕੇ. ਗਰਗ, ਲਲਿਤ ਗਰਗ, ਕੁਨਾਲ ਬਾਂਸਲ, ਡਾ. ਸਵਿੰਦਰ ਸਿੰਘ, ਸ਼ਿਵ ਜਿੰਦਲ, ਰੀਟਾ ਜਿੰਦਲ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਸਿਵਲ ਲਾਈਨ ਥਾਣੇ ਦੀ 155 ਨੰਬਰ ਐੱਫ. ਆਈ. ਆਰ. ਪਾਪਾ ਦੀ ਮੌਤ ਦੀ ਜ਼ਿੰਮੇਵਾਰ
ਥਾਣਾ ਸਿਵਲ ਲਾਈਨ 'ਚ 10 ਅਪ੍ਰੈਲ 2018 ਨੂੰ ਦਰਜ 155 ਨੰਬਰ ਐੱਫ. ਆਈ. ਆਰ. ਮੇਰੇ ਪਿਤਾ ਦੇ ਸੁਸਾਈਡ ਦੀ ਜ਼ਿੰਮੇਵਾਰ ਹੈ। ਪੁਲਸ ਨੇ ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ। ਪਿਤਾ ਨੇ ਜਿਸ ਤਰ੍ਹਾਂ 9 ਪੇਜਾਂ ਦਾ ਸੁਸਾਈਡ ਲਿਖਿਆ ਹੈ, ਉਹ 1 ਦਿਨ ਦਾ ਕੰਮ ਨਹੀਂ ਲੱਗਦਾ। 26 ਅਪ੍ਰੈਲ ਨੂੰ ਸਟੈਂਪ ਪੇਪਰ ਖਰੀਦਦੇ ਹਨ ਅਤੇ 4 ਜੁਲਾਈ ਨੂੰ ਟਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇਣ ਤੋਂ ਪਹਿਲਾਂ 50 ਰੁਪਏ ਦੇ ਸਟੈਂਪ ਪੇਪਰ 'ਤੇ ਸਭ ਕੁਝ ਲਿਖ ਕੇ ਮੌਤ ਨੂੰ ਗਲ਼ੇ ਲਾ ਲੈਂਦੇ ਹਨ, ਕਸੂਰ ਸਾਰਾ ਸਿਸਟਮ ਦਾ ਹੈ। ਇਹ ਕਹਿੰਦੇ ਹੋਏ ਮ੍ਰਿਤਕ ਦੇ ਵੱਡੇ ਪੁੱਤਰ ਮਨੀਸ਼ ਗੁਪਤਾ ਦੀਆਂ ਅੱਖਾਂ ਵਹਿ ਗਈਆਂ।


author

Baljeet Kaur

Content Editor

Related News