ਸੁਹਾਵਣੇ ਮੌਸਮ ''ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਨਤਮਸਤਕ ਹੋਈਆਂ ਸੰਗਤਾਂ
Sunday, Jul 12, 2020 - 09:35 AM (IST)
ਅੰਮ੍ਰਿਤਸਰ (ਅਨਜਾਣ) : ਹਲਕੀ-ਹਲਕੀ ਬਰਸਾਤ ਤੇ ਠੰਢੀ-ਠੰਡੀ ਹਵਾ ਦੇ ਖੁਸ਼ਗਵਾਰ ਮੌਸਮ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ। ਅਸਮਾਨ 'ਤੇ ਗੂੜੇ ਕਾਲੇ ਰੰਗ ਦੇ ਬੱਦਲ ਛਾਏ ਹੋਏ ਸਨ ਤੇ ਹਲਕੀ ਬੂੰਦਾ-ਬਾਂਦੀ ਤਨ ਨੂੰ ਸਕੂਨ ਦੇ ਰਹੀ ਸੀ। ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਕਿਵਾੜ ਖੁੱਲ੍ਹਣ 'ਤੇ ਸ੍ਰੀ ਹਰਿਮੰਦਰ ਸਾਹਿਬ ਪੁੱਜੀਆਂ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਾਤ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਇਆ ਤੇ ਸੰਗਤਾਂ ਨੇ ਸਵੱਯੇ ਉਚਾਰਣ ਕੀਤੇ। ਗ੍ਰੰਥੀ ਸਿੰਘ ਨੇ ਮੁੱਖ ਵਾਕ ਲਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ।
ਇਸ ਉਪਰੰਤ ਸੰਗਤਾਂ ਨੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਨਾਲ-ਨਾਲ ਛਬੀਲ ਤੇ ਠੰਢੇ-ਮਿੱਠੇ ਜਲ ਵਰਤਾਏ। ਸ਼ਹਿਰ ਦੇ ਨੇੜੇ-ਤੇੜੇ ਦੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਲੰਗਰ ਛੱਕ ਕੇ ਤ੍ਰਿਪਤ ਹੋਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਹੇਠਾਂ ਢਾਡੀ ਸਿੰਘਾਂ ਨੇ ਬੀਰ ਰਸੀ ਵਾਰਾਂ ਦਾ ਗਾਇਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਹ ਵੀ ਪੜ੍ਹੋਂ : ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ
ਕੋਰੋਨਾ ਲਾਗ ਤੋਂ ਨਿਜਾਤ ਪਾਉਣ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਥੜ੍ਹਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਨੇ ਰਲ ਮਿਲ ਕੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਾਈਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ।