ਕੋਰੋਨਾ ''ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ''ਚ ਸੰਗਤਾਂ ਦੀ ਆਮਦ

Friday, Jun 12, 2020 - 09:01 AM (IST)

ਅੰਮ੍ਰਿਤਸਰ (ਅਨਜਾਣ) : ਕੋਰੋਨਾ ਮਹਾਮਾਰੀ ਨੂੰ ਲੈ ਕੇ ਲੱਗੇ ਕਰਫਿਊ ਤੇ ਤਾਲਾਬੰਦੀ ਖੁੱਲ੍ਹਣ ਉਪਰੰਤ ਸੰਗਤਾਂ ਦੀ ਆਮਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋ ਗਈ। ਪਹਿਲਾਂ ਦੋ-ਤਿੰਨ ਦਿਨ ਤਾਂ ਨਾ ਮਾਤਰ ਹੀ ਸੰਗਤ ਦਰਸ਼ਨ ਕਰਨ ਲਈ ਪੁੱਜੀਆਂ ਪਰ ਬੀਤੇ ਦਿਨ ਤੋਂ ਸੰਗਤਾਂ ਦੀ ਚਹਿਲ-ਪਹਿਲ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਦ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸੰਗਤਾਂ ਦੀ ਕਿੰਨੀ ਆਮਦ ਹੈ ਦੱਸਣ ਤੋਂ ਇਨਕਾਰ ਕਰ ਦਿੱਤਾ।

PunjabKesariਸੂਤਰਾਂ ਮੁਤਾਬਕ ਬੀਤੇ ਦਿਨ ਸਵੇਰ ਤੋਂ ਰਾਤ ਤੱਕ ਤਕਰੀਬਨ 10 ਹਜ਼ਾਰ ਦੇ ਕਰੀਬ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਪਰ ਉਮੀਦ ਹੈ ਕਿ ਹੌਲੀ-ਹੌਲੀ ਇਹ ਗਿਣਤੀ ਪਹਿਲਾਂ ਦੀ ਤਰ੍ਹਾਂ ਹੋ ਜਾਵੇਗੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਦੂਸਰੇ ਦਿਨ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੇ ਮੁੱਖ ਵਾਕ ਦੀ ਕਥਾ ਕੀਤੀ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

PunjabKesariਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਰਲ ਕੇ ਸੰਭਾਲੀ। ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਮੁੱਖ ਵਾਕ ਲਿਆ ਗਿਆ । ਸਾਰਾ ਦਿਨ ਵੱਖ-ਵੱਖ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਗਈਆਂ।

PunjabKesariਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ। ਰਾਤ ਨੂੰ ਸੁਖਆਸਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕਰ ਦਿੱਤਾ ਗਿਆ। ਸੰਗਤਾਂ ਨੇ ਸਾਰਾ ਦਿਨ ਫਰਸ਼ ਦੀ ਸਫ਼ਾਈ ਤੇ ਇਸ਼ਨਾਨ ਦੀ ਸੇਵਾ ਦੇ ਇਲਾਵਾ, ਜੋੜੇ ਘਰ, ਠੰਢੇ-ਮਿੱਠੇ ਜਲ ਦੀ ਛਬੀਲ, ਲੰਗਰ ਹਾਲ ਤੇ ਸਰੋਵਰ ਦੀ ਸਫ਼ਾਈ ਦੀ ਸੇਵਾ ਕੀਤੀ। ਦੇਸ਼-ਵਿਦੇਸ਼ ਤੋਂ ਆਈ ਸਿੱਖ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਹੇਠਾਂ ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ।


Baljeet Kaur

Content Editor

Related News