ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ਪਾਵਨ ਪੰਕਤੀ ਲਿਖਿਆ ਬੋਰਡ ਸਜਾਇਆ

11/05/2019 10:17:23 AM

ਅੰਮ੍ਰਿਤਸਰ (ਦੀਪਕ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ਪਾਵਨ ਪੰਕਤੀ 'ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ' ਲਿਖੇ ਇਕ ਖੂਬਸੂਰਤ ਬੋਰਡ ਦੀ ਗੁਰੂ ਘਰ ਦੇ ਸ਼ਰਧਾਲੂਆਂ ਵਲੋਂ ਸੇਵਾ ਕਰਵਾਈ ਗਈ ਹੈ। ਇਹ ਪਾਵਨ ਪੰਕਤੀ ਦਰਸ਼ਨੀ ਡਿਉਢੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਚ ਸਜਾਈ ਗਈ ਹੈ। ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਲੱਕੜ ਦੇ ਬੋਰਡ ਉੱਪਰ ਤਾਂਬੇ ਨਾਲ ਅੱਖਰ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਤੇ ਸੋਨੇ ਦੇ ਵਰਕ ਹਨ। ਬੀਤੇ ਦਿਨੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਨੂੰ ਲਾਉਣ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਸ਼ਰਧਾ ਨਾਲ ਸੇਵਾ ਕਰਵਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਘਰ ਦੇ ਸ਼ਰਧਾਲੂ ਭਾਈ ਗੁਰਬਚਨ ਸਿੰਘ ਵੱਲੋਂ ਭਾਈ ਸਵਿੰਦਰਪਾਲ ਸਿੰਘ ਦੇ ਸਹਿਯੋਗ ਨਾਲ ਗੁਰਬਾਣੀ ਦੀ ਪਾਵਨ ਪੰਕਤੀ ਨੂੰ ਸੁਨਹਿਰੀ ਦਿੱਖ 'ਚ ਤਿਆਰ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਲਗਭਗ 11 ਲੱਖ ਰੁਪਏ ਹੈ। ਇਹ ਦਰਸ਼ਨੀ ਡਿਉਢੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਪੁਲ 'ਤੇ ਸਜਾਈ ਗਈ ਹੈ। ਡਾ. ਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਭਾਈ ਪ੍ਰਭਜੋਤ ਸਿੰਘ ਦੇ ਪਰਿਵਾਰ ਭਾਈ ਸਵਿੰਦਰਪਾਲ ਸਿੰਘ ਤੇ ਭਾਈ ਇੰਦਰਪਾਲ ਸਿੰਘ ਵੱਲੋਂ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਹਾਰਮੋਨੀਅਮ ਵੀ ਭੇਟਾ ਕੀਤੇ ਗਏ ਹਨ। ਇਹ ਹਾਰਮੋਨੀਅਮ ਸੁਨਹਿਰੀ ਸ਼ੀਟ ਦੇ ਬਣੇ ਹੋਏ ਹਨ।


Baljeet Kaur

Content Editor

Related News