ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰੇਗਾ ਬਾਦਲ ਦਲ?

02/17/2020 6:26:20 AM

ਅੰਮ੍ਰਿਤਸਰ (ਅਨਜਾਣ) : ਦਿੱਲੀ ਵਿਚ ਐੱਨ. ਆਰ. ਸੀ. (ਨੈਸ਼ਨਲ ਰਜਿਸਟਰੇਸ਼ਨ ਆਫ਼ ਸਿਟੀਜ਼ਨ) ਅਤੇ ਸੀ. ਏ. ਏ. (ਸਿਟੀਜ਼ਨ ਅਮੈਂਡਮੈਂਟ ਆਰਟੀਕਲ) ਕਾਨੂੰਨ ਨੂੰ ਲੈ ਕੇ ਚੱਲ ਰਹੇ ਟਕਰਾਅ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੀਤੇ ਦਿਨੀਂ ਦਿੱਲੀ ਨੈਸ਼ਨਲ ਮਾਈਨਿਉਰਿਟੀ ਕਮਿਸ਼ਨ ਵਲੋਂ ਚੇਅਰਮੈਨ ਜ਼ਫੁਲ ਇਸਲਾਮ ਖਾਨ ਦੀ ਅਗਵਾਈ ਹੇਠ ਮੁਸਲਮਾਨ ਭਾਈਚਾਰੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਸਲਮਾਨ ਭਾਈਚਾਰੇ ਦੀ ਹਮਾਇਤ ਕਰਨ ਲਈ ਇਕ ਮੈਮੋਰੰਡਮ ਦਿੱਤਾ ਗਿਆ। ਇਸ ਸਬੰਧੀ ਜ਼ਫੁਲ ਇਸਲਾਮ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੰਘ ਸਾਹਿਬ ਨੇ ਸੀ. ਏ. ਏ. ਨੂੰ ਲੈ ਕੇ ਮੁਸਲਮਾਨ ਭਾਈਚਾਰੇ ਦੀ ਤਾਈਦ ਕਰਦਿਆਂ ਸਹਿਮਤੀ ਪ੍ਰਗਟ ਕੀਤੀ ਹੈ।

ਇਸ ਉਪਰੰਤ ਪ੍ਰੈੱਸ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਬਹੁ ਧਰਮੀ ਦੇਸ਼ ਹੈ, ਜਿਸ 'ਚ ਹਿੰਦੂ, ਮੁਸਲਿਮ, ਸਿੱਖ ਈਸਾਈ, ਜੈਨੀ, ਬੋਧੀ ਸਭ ਮਿਲ-ਜੁਲ ਕੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਰੇ ਧਰਮਾਂ ਲਈ ਭਾਰਤ ਦੇਸ਼ 'ਚ ਕਰਤੱਵ ਜ਼ਰੂਰੀ ਹਨ ਤਾਂ ਅਧਿਕਾਰ ਵੀ ਕਿਸੇ ਇਕ ਨੂੰ ਨਹੀਂ, ਬਲਕਿ ਸਾਰੇ ਧਰਮਾਂ ਨੂੰ ਬਰਾਬਰ ਮਿਲਣੇ ਚਾਹੀਦੇ ਹਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਐੱਨ. ਆਰ. ਸੀ. ਅਤੇ ਸੀ. ਏ. ਏ. ਕਾਨੂੰਨ ਲਾਗੂ ਹੋਣ ਤੋਂ ਬਾਅਦ ਜੋ ਸਹਿਮ ਦਾ ਮਾਹੌਲ ਦਿੱਲੀ 'ਚ ਬਣਿਆ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਖੁਸ਼ੀ ਵਾਲੀ ਗੱਲ ਹੈ ਕਿ ਮੁਸਲਿਮ ਭਾਈਚਾਰਾ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੀ ਮੁਸ਼ਕਲ ਨੂੰ ਲੈ ਕੇ ਆਇਆ ਹੈ। ਹੋਰ ਵੀ ਚੰਗਾ ਹੋਵੇਗਾ ਜੇਕਰ ਇਹ ਦੂਸਰੇ ਧਰਮਾਂ ਦੀਆਂ ਧਾਰਮਿਕ ਹਸਤੀਆਂ ਨੂੰ ਵੀ ਮਿਲਣ ਅਤੇ ਖਾਸ ਕਰ ਹਿੰਦੂ ਧਾਰਮਿਕ ਹਸਤੀਆਂ ਨੂੰ ਵੀ ਮਿਲਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਧਰਮ ਹਮੇਸ਼ਾ ਮਜ਼ਲੂਮਾਂ ਦੀ ਰੱਖਿਆ ਕਰਦਾ ਆਇਆ ਹੈ। ਜੇਕਰ ਲੋੜ ਪਈ ਤਾਂ ਅਗਵਾਈ ਕਰਨ ਤੋਂ ਵੀ ਸੰਕੋਚ ਨਹੀਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਆਇੰਟ ਕਮਿਸ਼ਨ ਕਮੇਟੀ ਅਹਿਮਦਗੜ੍ਹ ਵਫ਼ਦ ਵੀ ਆਪਣੇ ਬੁਲਾਰੇ ਜੀਸ਼ਾਨ ਹੈਦਰ ਅਤੇ ਮੁਹੰਮਦ ਜ਼ੀਆ ਉੱਲ ਇਸਲਾਮ ਦੀ ਅਗਵਾਈ 'ਚ 100 ਤੋਂ ਵੱਧ ਵਿਅਕਤੀਆਂ ਨਾਲ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਨੂੰ ਮਿਲ ਚੁੱਕੇ ਹਨ।

ਦੂਜੇ ਪਾਸੇ ਅਕਾਲੀ ਦਲ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨਾਲ ਸੀ. ਏ. ਏ. ਨੂੰ ਲੈ ਕੇ ਇਲੈਕਸ਼ਨ ਲੜਨ ਲਈ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਭਾਜਪਾ ਦੀ ਹਮਾਇਤ ਦਾ ਐਲਾਨ ਵੀ ਕਰ ਦਿੱਤਾ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਸੀ. ਏ. ਏ. ਦੇ ਹੱਕ 'ਚ ਭਾਜਪਾ ਨਾਲ ਖੜ੍ਹਦਾ ਨਜ਼ਰ ਆਉਂਦਾ ਹੈ। ਇਸ ਪਹਿਲੂ ਦੇ 2 ਪਾਸੇ ਬਣ ਕੇ ਰਹਿ ਗਏ। ਇਕ ਪਾਸੇ ਧਰਮ ਤੇ ਦੂਸਰੇ ਪਾਸੇ ਰਾਜਨੀਤੀ। ਜੇਕਰ ਆਉਣ ਵਾਲੇ ਸਮੇਂ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੀ. ਏ. ਏ. ਨੂੰ ਲੈ ਕੇ ਮੁਸਲਮਾਨ ਭਾਈਚਾਰੇ ਦੀ ਹਮਾਇਤ ਦਾ ਐਲਾਨ ਕਰ ਦਿੰਦੇ ਹਨ ਤਾਂ ਕੀ ਅਕਾਲੀ ਦਲ ਬਾਦਲ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਖੜ੍ਹੇਗਾ ਜਾਂ ਸਰਕਾਰ ਦੀ ਹਮਾਇਤ ਕਰੇਗਾ। ਇਹ ਉਹ ਕੜਵਾ ਸੱਚ ਹੈ, ਜਿਸ ਨੂੰ ਹਜ਼ਮ ਕਰਨਾ ਬਾਦਲ ਅਕਾਲੀ ਦਲ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇਕ ਪਾਸੇ ਰਾਜਨੀਤੀ (ਕੁਰਸੀ) ਤੇ ਦੂਸਰੇ ਪਾਸੇ ਧਰਮ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Baljeet Kaur

Content Editor

Related News