ਅਦਾਲਤ ਵਲੋਂ ਸਿਮਰਨਜੀਤ ਕੌਰ ਦੀ ਜ਼ਮਾਨਤ ਅਰਜ਼ੀ ਖਾਰਜ
Saturday, Feb 01, 2020 - 09:47 AM (IST)
ਅੰਮ੍ਰਿਤਸਰ (ਟੋਡਰਮੱਲ, ਜਸ਼ਨ) : ਭਗਵਾਨ ਵਾਲਮੀਕਿ ਜੀ 'ਤੇ ਗਲਤ ਟਿੱਪਣੀ ਕਰਨ ਪ੍ਰਤੀ ਸਿਮਰਨਜੀਤ ਕੌਰ ਗਿੱਲ ਦੀ ਜ਼ਮਾਨਤ ਮੰਗ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਸ਼ੁੱਕਰਵਾਰ ਸੁਣਵਾਈ ਉਪਰੰਤ ਖਾਰਜ ਕਰ ਦਿੱਤੀ। ਮੁਲਜ਼ਮ ਵਿਰੁੱਧ ਸਰਕਾਰੀ ਅਤੇ ਦੂਜੇ ਵਕੀਲ ਨੇ ਤਕਰਾਰ ਕਰਦਿਆਂ ਕਿਹਾ ਕਿ ਵਕੀਲ ਸਿਮਰਨਜੀਤ ਕੌਰ ਇਕ ਪੜ੍ਹੀ-ਲਿਖੀ ਮੁਟਿਆਰ ਹੈ। ਇਸ ਦੇ ਨਾਲ ਹੀ ਉਹ ਪੂਰੇ ਕਾਨੂੰਨ ਤੋਂ ਭਲੀਭਾਂਤ ਜਾਣੂ ਹੈ। ਇਸ ਦੇ ਬਾਵਜੂਦ ਉਸ ਵਲੋਂ ਇਕ ਵਿਸ਼ੇਸ਼ ਭਾਈਚਾਰੇ ਖਿਲਾਫ ਅਜਿਹੀ ਅਸ਼ੋਭਨੀਕ ਟਿੱਪਣੀ ਕਰਨਾ ਠੀਕ ਨਹੀਂ ਹੈ। ਮਾਣਯੋਗ ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਦਿਆਂ ਸਿਮਰਨਜੀਤ ਕੌਰ ਦੀ ਜ਼ਮਾਨਤ ਅਰਜ਼ੀ ਖਾਰਜ ਕਰਨ ਦਾ ਫੈਸਲਾ ਸੁਣਾਇਆ। ਇਸ ਫੈਸਲੇ ਦੇ ਆਉਂਦੇ ਹੀ ਪੂਰੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਜਿਥੇ ਇਸ ਨੂੰ ਸਲਾਹਿਆ, ਉਥੇ ਭਗਵਾਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਅਹੁਦੇਦਾਰ ਕੁਮਾਰ ਦਰਸ਼ਨ ਅਤੇ ਸ਼ਸ਼ੀ ਗਿੱਲ ਦੀ ਪ੍ਰਧਾਨਗੀ 'ਚ ਤੁਰੰਤ ਹੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰ ਦਰਸ਼ਨ, ਸ਼ਸ਼ੀ ਗਿੱਲ ਅਤੇ ਸੁਰਿੰਦਰ ਟੋਨਾ ਨੇ ਸਾਂਝੇ ਤੌਰ 'ਤੇ ਇਸ ਫੈਸਲੇ ਨੂੰ ਇਕ ਇਤਿਹਾਸਕ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਮੰਗ ਖਾਰਜ ਕਰ ਕੇ ਪੂਰੇ ਵਾਲਮੀਕਿ ਭਾਈਚਾਰੇ ਨੂੰ ਇਨਸਾਫ ਦਿੱਤਾ ਹੈ। ਸ਼ਿਕਾਇਤਕਰਤਾ ਪੱਖ ਦੇ ਵਕੀਲਾਂ ਅਤੇ ਸਰਕਾਰੀ ਵਕੀਲ ਨੇ ਵੀ ਮਿਲ ਕੇ ਅਜਿਹੀ ਤਕਰਾਰ ਕੀਤੀ, ਜਿਸ ਨੂੰ ਮਾਣਯੋਗ ਜੱਜ ਨੇ ਤੁਰੰਤ ਸਿਮਰਨਜੀਤ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।
ਕੀ ਸੀ ਮਾਮਲਾ
ਪਿਛਲੇ ਦਿਨ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਭਗਵਾਨ ਵਾਲਮੀਕਿ ਜੀ ਪ੍ਰਤੀ ਗਲਤ ਟਿੱਪਣੀ ਕਰਦਿਆਂ ਇਕ ਵੀਡੀਓ ਨੂੰ ਵਾਇਰਲ ਕਰ ਦਿੱਤਾ ਸੀ, ਜਿਸ ਖਿਲਾਫ ਵਾਲਮੀਕਿ ਸਮਾਜ ਵਲੋਂ ਥਾਣਾ ਕੰਟੋਨਮੈਂਟ 'ਚ ਸ਼ਸ਼ੀ ਗਿੱਲ ਨੇ ਇਕ ਸ਼ਿਕਾਇਤ ਦਿੱਤੀ ਸੀ। ਇਸ ਦੌਰਾਨ ਪੁਲਸ ਪ੍ਰਸ਼ਾਸਨ ਨੇ ਵੀਡੀਓ ਬਣਾਉਣ ਵਾਲੀ ਸਿਮਰਨਜੀਤ ਕੌਰ ਗਿੱਲ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਸੀ।