ਸ਼੍ਰੋਮਣੀ ਕਮੇਟੀ ਨੇ ਸਨੀ ਛਾਬੜਾ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲਸ ਕਮਿਸ਼ਨਰ ਨੂੰ ਲਿਖਿਆ ਪੱਤਰ
Thursday, Aug 22, 2019 - 11:40 AM (IST)
ਅੰਮ੍ਰਿਤਸਰ (ਦੀਪਕ) : ਸਿੱਖਾਂ ਦੇ ਧਾਰਮਿਕ ਚਿੰਨ੍ਹ 'ਖੰਡੇ' ਦੀ ਤਸਵੀਰ ਬੀੜੀਆਂ ਦੇ ਪੈਕੇਟ 'ਤੇ ਛਾਪ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਜੈ ਨਮਹੋ ਕੰਪਨੀ ਦੇ ਮਾਲਕ ਸਨੀ ਛਾਬੜਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਵੱਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਇਕ ਪੱਤਰ ਲਿਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਜੈ ਨਮਹੋ ਕੰਪਨੀ ਦੇ ਬੀੜੀਆਂ ਦੇ ਪੈਕੇਟ 'ਤੇ ਇਕ ਬੱਚੇ ਦੀ ਤਸਵੀਰ ਛਾਪੀ ਗਈ ਹੈ, ਜਿਸ ਦੇ ਸਿਰ 'ਤੇ ਬੰਨ੍ਹੇ ਪਟਕੇ ਉਪਰ ਸਿੱਖਾਂ ਦਾ ਧਾਰਮਿਕ ਚਿੰਨ੍ਹ 'ਖੰਡਾ' ਛਪਿਆ ਅਤੇ ਖ਼ਾਲਸਾ ਲਿਖਿਆ ਹੋਇਆ ਹੈ। ਇਹ ਤਸਵੀਰ ਸਾਹਮਣੇ ਆਉਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਸਿੱਖਾਂ ਲਈ ਬੱਜਰ ਪਾਪ ਹੈ, ਇਸ ਲਈ ਅਜਿਹੇ ਉਤਪਾਦ 'ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਤਸਵੀਰ ਲਾਉਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਤੁਰੰਤ ਦੋਸ਼ੀ ਖਿਲਾਫ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕਰੇ ਤਾਂ ਕਿ ਅੱਗੋਂ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।